ਨੌਟਿੰਘਮ (ਇੰਗਲੈਂਡ) ‘ਚ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ - ਰਿਪੋਰਟ
ਰਿਪੋਰਟ: ਸੰਤੋਖ ਧਾਲੀਵਾਲ (ਯੂ.ਕੇ.)
ਪਿਛਲੇ ਐਤਵਾਰ 21 ਮਾਰਚ 2010 ਨੂੰ ਨੌਟਿੰਘਮ (ਇੰਗਲੈਂਡ) ਵਿਖੇ ਮਹਾਨ ਸ਼ਹੀਦਾਂ, ਭਗਤ ਸਿੰਘ, ਰਾਜ ਗੁਰੁ ਤੇ ਸੁਖਦੇਵ ਜੀ ਹੋਰਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ, ਇੰਡੀਅਨ ਕਮਿਊਨਿਟੀ ਸੈਂਟਰ ਦੇ ਖ਼ੂਬਸੂਰਤ ਹਾਲ ‘ਚ ਪਹਿਲੀ ਵਾਰ ਇਕੱਠ ਕੀਤਾ ਗਿਆ। ਇਹ ਦਿਨ ਮਨਾਉਣ ਲਈ ਬੀੜਾ ਚੁੱਕਣ ਤੇ ਫੇਰ ਇਸ ਨੂੰ ਕਾਮਯਾਬ ਬਣਾਉਣ ‘ਚ ਸਾਰੀ ਹਿੰਮਤ ਸਿਰਫ਼ ਚੈਂਚਲ ਸਿੰਘ ਬਾਬਕ ਤੇ ਕਸ਼ਮੀਰਾ ਸਿੰਘ ਧਾਲੀਵਾਲ ਰੈਡ ਹੌਡ ਰੈਸਟੋਰੈਂਟਾਂ ਦੇ ਮਾਲਕ ਦੇ ਸਿਰ ਜਾਂਦੀ ਹੈ। ਪ੍ਰੋਗਰਾਮ 2.00 ਵਜੇ ਤੋਂ ਲੈ ਕੇ ਰਾਤ ਦੇ 8.00 ਵਜੇ ਤੱਕ ਚਲਦਾ ਰਿਹਾ। ਮਹਾਨ ਸ਼ਹੀਦਾਂ ਦੀ ਜੱਦੋ-ਜਹਿਦ ਤੇ ਕੁਰਬਾਨੀਆਂ ਤੇ ਚੈਂਚਲ ਸਿੰਘ ਬਾਬਕ, ਨਵੀਂ ਪੀੜ੍ਹੀ ਦੇ ਉਸਾਰੂ ਸੋਚਾਂ ਨਾਲ ਵਿਸ਼ਵ ਦੀਆਂ ਸਮਸਿਆਵਾਂ ਨੂੰ ਗੌਹ ਤੇ ਘੰਭੀਰਤਾ ਨਾਲ ਸੋਚਣ ਵਾਲੇ ਨੋਜਵਾਨ ਰਣਜੀਤ ਬਰਾੜ, ਮਹਾਨ ਸ਼ਹੀਦ ਕਰਤਾਰ ਸਿੰਘ ਸਾਰਾਭਾ ਦੇ ਪਿੰਡ ‘ਚ ਜਨਮ ਲੈਣ ਵਾਲੇ ਪਾਕਿਸਤਾਨੀ ਭਰਾ ਰਸ਼ੀਦ ਸਾਰਾਭਾ, ਪੰਜਾਬੀ ਸੱਥ ਦੇ ਸੰਚਾਲਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਰਨਾਏ ਮੋਤਾ ਸਿੰਘ ਸਰਾਏ ਅਤੇ ਦਿਆਲ ਬਾਗੜੀ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨੇ ਸੰਬੋਧਨ ਕੀਤਾ। 200 ਦੇ ਕਰੀਬ ਸਰੋਤੇ ਦੋ ਘੰਟੇ ਇਨ੍ਹਾਂ ਤਕਰੀਰਾਂ ਦੌਰਾਨ ਗੰਭੀਰਤਾ ਤੇ ਪੂਰੀ ਸ਼ਰਧਾ ਨਾਲ ਸੁਣਦੇ ਹੋਏ ਮਨ ਹੀ ਮਨ ਆਪਣੀਆਂ ਸ਼ਰਧਾਂਜਲੀਆਂ ਭੇਂਟ ਕਰਦੇ ਰਹੇ ਤੇ ਇੱਕ ਇਹੋ ਜਿਹੇ ਅਹਿਸਾਸ ਨਾਲ ਗੜੁੱਚੇ ਇਹ ਮਹਿਸੂਸ ਕਰਦੇ ਰਹੇ ਕਿ ਅੱਜ ਜੇ ਉਹ ਦੁਨੀਆ ‘ਚ ਆਪਣੇ ਆਪ ਨੂੰ ਆਜ਼ਾਦ ਭਾਰਤ ਨਾਲ ਕਿਸੇ ਤਰ੍ਹਾਂ ਵੀ ਜੋੜਦੇ ਹਨ ਤਾਂ ਇਹ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਹੀ ਹੈ।
----
ਭਾਸ਼ਨਾਂ ਦੇ ਗੰਭੀਰ ਸੰਜੀਦਾ ਮਾਹੌਲ ਨੂੰ ਥੋੜ੍ਹਾ ਜਿਹਾ ਹਲਕਾ ਕਰਨ ਲਈ ਸੰਤੋਖ ਧਾਲੀਵਾਲ, ਚੈਂਚਲ ਸਿੰਘ ਬਾਬਕ, ਪਰਕਾਸ਼ ਸਿੰਘ ਆਜ਼ਾਦ ਬਰਮਿੰਘਮ, ਦਲਜੀਤ ਕੌਰ ਨਿਜਰਨ ਬਰਮਿੰਘਮ, ਹਰਜਿੰਦਰ ਸਿੰਘ ਸੰਧੂ, ਸੰਤੋਖ ਸਿੰਘ ਨਿਜਰਨ ਵਲੋਂ ਚਲਾਏ ਜਾ ਰਹੇ ਪੰਜਾਬੀ ਸਕੂਲ ਜਿਹੜਾ ਪਿਛਲੇ ਚਾਲੀ ਸਾਲਾਂ ਤੋਂ ਨੌਟਿੰਘਮ ਦੇ ਬਚਿਆਂ ਨੂੰ ਪੰਜਾਬੀ ਪੜ੍ਹਾਉਣ ਲਈ ਯਤਨਸ਼ੀਲ ਰਿਹਾ ਹੈ ਦੇ ਦੋ ਵਿਦਿਆਰਥੀਆਂ, ਜਾਸਮਿਨ ਤੇ ਗੁਰਵਿੰਦਰ ਨੇ ਪੰਜਾਬੀ, ਗੀਤਾਂਜਲੀ ਨੌਟਿੰਘਮ ਦੀ ਸਕੱਤਰ ਜੈ ਵਰਮਾ ਨੇ ਹਿੰਦੀ, ਸਰਵਾਰ ਰਾਜ਼ਾ ਨੇ ਉਰਦੂ ਤੇ ਗੌਡਫਰੀ ਕਰੈਮਰ ਨੇ ਅੰਗ੍ਰੇਜ਼ੀ ‘ਚ ਆਪਣੀਆਂ ਸ਼ਹੀਦਾਂ ਵਾਰੇ ਖ਼ੂਬਸੂਰਤ ਨਜ਼ਮਾਂ ਸੁਣਾਈਆਂ।ਇਸ ਸਾਰੇ ਸਮੇ ਦੌਰਾਨ ਹਾਲ ਵਿਚ ਮਾਹੌਲ ਸਦਭਾਵਨਾ ਤੇ ਸ਼ਹੀਦਾਂ ਨੂੰ ਸ਼ਰਧਾ ਵਾਲਾ ਰਿਹਾ।
-----
ਕਵਿਤਾਵਾਂ ਤੋਂ ਬਾਅਦ ਤਰਕਸ਼ੀਲ ਡਰਾਮਾ ਗਰੁੱਪ ਬਰਮਿੰਘਮ ਨੇ ਭਾਅ ਗੁਰਸ਼ਰਨ ਦਾ ਲਿਖਿਆ ਡਰਾਮਾ “ਇੰਨਕਲਾਬ” ਪੇਸ਼ ਕੀਤਾ ਜਿਹੜਾ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ।
-----
ਅੰਤ ‘ਚ ਕਸ਼ਮੀਰਾ ਸਿੰਘ ਨੇ ਸਾਰੇ ਆਏ ਲੋਕਾਂ ਦਾ ਧੰਨਵਾਦ ਕੀਤਾ ਤੇ ਆਈ.ਸੀ.ਸੀ.ਏ(ਇੰਡੀਅਨ ਕਮਿਊਨਿਟੀ ਸੈਂਟਰ ਅਸੋਸੀਏਸ਼ਨ) ਦੀ 50+ ਅਸੋਸੀਏਸ਼ਨ ਨੂੰ ਇਹੋ ਜਹੇ ਹੋਰ ਵੀ ਪ੍ਰੋਗਰਾਮ ਕਰਨ ਲਈ ਯਤਨਸ਼ੀਲ ਹੋਣ ਲਈ ਤੇ ਆਪਣਾ ਹਰ ਤਰ੍ਹਾਂ ਮਿਲਵਰਤਨ ਦੇਣ ਲਈ ਪੂਰਾ ਭਰੋਸਾ ਦੁਆਇਆ। ਬੜੇ ਹੀ ਭਾਵਪੂਰਤ ਤੇ ਸੁਹਿਰਦਤਾ ਭਰੇ ਲਫ਼ਜ਼ਾਂ ਨਾਲ ਆਏ ਲੋਕਾਂ, ਪ੍ਰਬੰਧਕਾਂ, ਕਵੀਆਂ ਤੇ ਡਰਾਮਾ ਗਰੁਪ ਦਾ ਧੰਨਵਾਦ ਕੀਤਾ।
-----
ਦੋ ਸੌ ਦੇ ਕਰੀਬ ਲੋਕਾਂ ਨੇ ਰੈਡ ਹੌਟ ਰੈਸਟੋਰੈਂਟ ਦੇ ਲਜ਼ੀਜ਼ ਸਟਾਰਟਰ ਅਤੇ ਰਵਿੰਦਰ ਕੌਰ ਦੇ ਬਹੁਤ ਹੀ ਵਧੀਆ ਘਰੇਲੂ ਖਾਣੇ ਦਾ ਅਨੰਦ ਮਾਣਿਆ ਤੇ ਮਹਾਨ ਸ਼ਹੀਦਾਂ ਨੂੰ ਸ਼ਰਧਾ ‘ਚ ਸਿਰ ਨਿਵਾਉਂਦਿਆਂ ਇਸ ਯਾਦਗਾਰੀ ਸ਼ਾਮ ਦਾ ਅੰਤ ਕੀਤਾ।
No comments:
Post a Comment