ਜਰਮਨ ਪੰਜਾਬੀ ਸੱਥ ਦੀ ਸਥਾਪਨਾ
ਰਿਪੋਰਟ: ਜਨਮੇਜਾ ਜੌਹਲ
ਪੰਜਾਬੀਆਂ ਵੱਲੋਂ ਆਪਣੇ ਸਿਹਤਮੰਦ ਸਭਿਆਚਾਰ ਵਿਰਾਸਤ ਅਤੇ ਬੋਲੀ ਨੂੰ ਸੰਭਾਲਣ ਦੀ ਲਹਿਰ ਦਾ ਮੁੱਢ ਅੱਜ ਤੋਂ ਕੋਈ ਵੀਹ ਵਰ੍ਹੇ ਪਹਿਲਾਂ ਪੰਜਾਬ ਦੇ ਦਿਲ ਦੁਆਬੇ ਦੀ ਧਰਤੀ ਦੇ ਸ਼ਹਿਰ ਜਲੰਧਰ ਨੇੜਲੇ ਪਿੰਡ ਲਾਂਬੜਾ ਤੋਂ ਬੱਝਾ ਸੀ। ਰਵਾਇਤੀ ਸਿਆਸੀ, ਸਾਹਿਤਕ ਤੇ ਸਮਾਜਿਕ ਸੰਸਥਾਵਾਂ ਤੋਂ ਰਤਾ ਹਟਵੀਂ ਸੋਚ ਵਾਲੀ ਸੰਸਥਾ ‘ਪੰਜਾਬੀ ਸੱਥ' ਮਾਂ ਬੋਲੀ ਤੇ ਮਾਂ ਮਿੱਟੀ ਦੀ ਹੇਠਲੀ ਪੱਧਰ ਤੋਂ ਸੇਵਾ ਕਰਨ ਲਈ ਹੋਂਦ ਵਿਚ ਆਈ ਸੀ। ਸਾਹਿਤ, ਸਿੱਖਿਆ, ਗਿਆਨ–ਵਿਗਿਆਨ ਅਤੇ ਖੋਜ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਦੇ ਕੀਤੇ ਕਾਰਜਾਂ ਅੱਗੇ ਸਿਰ ਝੁਕਾਉਣ, ਮੁੱਦਿਆਂ ਅਧਾਰਤ ਸਾਹਿਤ ਛਾਪਣ, ਵਿਰਾਸਤੀ ਕੈਲੰਡਰ ਅਤੇ ਵਾਤਾਵਰਣ ਬਚਾਉਣ ਲਈ ਨਿਰੰਤਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਸਮਾਂ ਬੀਤਦਾ ਗਿਆ ਅਤੇ ਸੱਥ ਦੀ ਨਿਵੇਕਲੀ ਕਾਰਜ ਸ਼ੈਲੀ ਨਿੱਖਰਦੀ ਗਈ। ਪੰਜਾਬ ਦੇ ਵੱਖੋ ਵੱਖ ਭੂਗੋਲਿਕ, ਭਾਸ਼ਾਈ ਤੇ ਸਭਿਆਚਾਰਕ ਖਿੱਤਿਆਂ ਨੂੰ ਪਛਾਣਦਿਆਂ, ਢਾਹਾ, ਪੁਆਧ, ਮਾਲਵਾ, ਰਿਆੜਕੀ, ਮੰਜਕੀ, ਮਾਝਾ, ਦੋਨਾ, ਲੱਖੀ ਜੰਗਲ, ਤਰਨਤਾਰਨ ਤੇ ਹੁਸੈਨੀਵਾਲਾ ਸੱਥਾਂ ਪੁੰਗਰ ਕੇ ਪ੍ਰਵਾਨ ਚੜ੍ਹਦੀਆਂ ਗਈਆਂ। ਲਹਿੰਦੇ ਪੰਜਾਬ ਦੇ ਸਾਂਦਲ ਬਾਰ 'ਚ ਜੜਾਂ ਵਾਲਾ ਸੱਥ ਹੋਂਦ ਵਿਚ ਆ ਗਈ। ਫੇਰ ਸ਼ੁਰੂ ਹੋਇਆ ਦੁਨੀਆਂ ਭਰ 'ਚ ਜਿੱਥੇ ਵੀ ਸਾਡੀ ਭਰਵੀਂ ਵਸੋਂ ਹੈ, ਉਥੇ ਸੱਥਾਂ ਦੀ ਸਥਾਪਨਾ ਦਾ ਸਿਲਸਿਲਾ। ਸਮੁੱਚੇ ਯੂਰਪ ਨੂੰ ਸਾਹਮਣੇ ਰੱਖਦਿਆਂ ਯੂ·ਕੇ· ਦੇ ਮਿੱਡਲੈਂਡਜ਼ ਅਤੇ ਖੇਤਰ ਦੇ ਵਾਲਸਾਲ ਵਿਚ ਬਣੀ। ਕੈਨੇਡਾ ਦੇ ਪੂਰਬੀ ਹਿੱਸੇ 'ਚ ਟੋਰੰਟੋ, ਪੱਛਮੀ ਹਿੱਸੇ 'ਚ ਸਰੀ, ਅਮਰੀਕਾ ਦੇ ਸਿਆਟਲ ਖੇਤਰ ਵਿਚ ਐਲਨਜ਼ਬਰਗ ਅਤੇ ਕੈਲੇਫੋਰਨੀਆਂ ਦੀਆਂ ਸੱਥਾਂ ਹੋਂਦ ਵਿਚ ਆਈਆਂ। ਯੂਰਪੀ ਸੱਥ ਦੀ ਹਿੰਮਤ ਅਤੇ ਪਹਿਲ ਕਦਮੀ ਤੋਂ ਪਹਿਲਾਂ ਆਸਟ੍ਰੇਲੀਆ ਵਿਚ ਸਿਡਨੀ ਤੇ ਫਿਰ ਥੋੜੇ ਦਿਨ ਪਹਿਲਾਂ 15 ਅਗਸਤ ਨੂੰ ਜਰਮਨ ਦੇ ਲਾਈਪਜ਼ਿਮ ਸ਼ਹਿਰ ਵਿਚ ਹੋਂਦ ਇੱਕ ਭਰਵੇਂ ਸਾਹਿਤਕ ਇਕੱਠ ਵਿੱਚ ਪੰਜਾਬੀ ਸੱਥ ਦਾ ਮੁੱਢ ਬੱਝਾ। ਯੂਰਪੀ ਪੰਜਾਬੀ ਸੱਥ ਦੀ ਇਕਾਈ ਵਜੋਂ ਸਥਾਪਤ ਜਰਮਨ ਪੰਜਾਬੀ ਸੱਥ ਦੀ ਸਥਾਪਨਾ ਵਾਸਤੇ ਸ· ਮੋਤਾ ਸਿੰਘ ਸਰਾਏ ਸੰਚਾਲਕ ਯੂਰਪੀ ਪੰਜਾਬੀ ਸੱਥ ਉਚੇਚੇ ਤੌਰ ਤੇ ਪੁੱਜੇ। ਸੱਥ ਵੱਲੋਂ ਛਾਪੀਆਂ ਕਿਤਾਬਾਂ, ਕੈਲੰਡਰ ਤੇ ਸੁੰਦਰ ਸਥਾਪਨਾ ਪੱਤਰ ਲੈ ਕੇ ਇੰਗਲੈਂਡ ਤੋਂ ਉਨ੍ਹਾਂ ਦੇ ਨਾਲ ‘ਰੇਡੀਓ ਪੰਜਾਬ' ਲੰਡਨ ਦੇ ਸ਼ਮਸ਼ੇਰ ਸਿੰਘ ਗਏ। ਯੂ·ਕੇ· ਦੇ ਨਾਮਵਰ ਕਵੀ ਤੇ ਸਾਹਿਤ ਸਭਾਵਾਂ ਦੇ ਸਰਗਰਮ ਕਾਰਕੁੰਨ ਨਿਰਮਲ ਸਿੰਘ ਕੰਧਾਲਵੀ ਸੰਗੀਆਂ ਦੇ ਰੂਪ ਵਿਚ ਸ਼ਾਮਲ ਹੋਏ।
No comments:
Post a Comment