ਮਾਂ ਬੋਲੀ ਲਈ ਜੀਅ ਜਾਨ ਨਾਲ ਲੰਬੇ ਸਮੇਂ ਤੋਂ ਕੰਮ ਕਰਨ ਵਾਲੀ ਸੰਸਥਾ ‘ਯੂਰਪੀ ਪੰਜਾਬੀ ਸੱਥ' ਦੀ ਇਕ ਉਚੇਚੀ ਬੈਠਕ ਸ: ਮੋਤਾ ਸਿੰਘ ਸਰਾਏ, ਜਿਹੜੇ ਏਸ ਸੱਥ ਦੇ ਸੰਚਾਲਕ ਹਨ ਦੇ ਘਰ ਹੋਈ। ਏਸ ਬੈਠਕ ਵਿਚ ਲਹਿੰਦੇ ਪੰਜਾਬ ਵਿਚ ਗੁਜਰਾਂਵਾਲੇ ਵਸਦੇ ਸਿਰੜੀ ਤੇ ਸਿਦਕਵਾਨ ਖੋਜਕਾਰ ਜਨਾਬ ਜ਼ਾਹਿਦ ਇਕਬਾਲ' ਦੀ ਅਣਥੱਕ ਮਿਹਨਤ ਨਾਲ ਛਪੀ 890 ਪੰਨਿਆਂ ਵਾਲੀ ਵੱਡ-ਅਕਾਰੀ ਕਿਤਾਬ ਹੀਰ ਵਾਰਿਸ ਸ਼ਾਹ ਵਿਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ' (ਸ਼ਾਹਮੁਖੀ ਲਿਪੀ ਵਿਚ) ਦੀ ਮੁੱਖ ਵਿਖਾਈ ਬੜੇ ਅਦਬ ਸਤਿਕਾਰ ਨਾਲ ਹੋਈ।
----
ਅੰਗਰੇਜ਼ਾਂ ਦੇ 1850 ਈ: ਵਿਚ ਪੰਜਾਬ ਆਉਣ ਤੋਂ ਪਿੱਛੋਂ ਛਾਪੇਖਾਨੇ ਵਾਲਿਆਂ ਤੇ ਬੈਂਤਵਾਜਾਂ ਨੇ ਸਾਂਝੀ ਪੰਜਾਬੀ ਰਹਿਤਲ ਦੇ ਏਸ ਮਹਾਨ ਸਪੂਤ ਦਾ ਅਕਸ ਵਿਗਾੜਨ ਅਤੇ ਹੀਰ ਦੀ ਰੂਹ ਨੂੰ ਲਹੂ ਲੁਹਾਨ ਕਰਨ ਦਾ ਧ੍ਰੋਹ ਕਮਾਇਆ ਤੇ ਸਾਡੀ ਵਿਰਾਸਤ ਦਾ ਜੋ ਘਾਣ ਕੀਤਾ, ਉਹਦੀ ਭਰਪੂਰਤੀ ਲਈ ਇਹ ਤਵਾਰੀਖੀ ਦਸਤਾਵੇਜ਼ ਦੀ ਹੈਸੀਅਤ ਰੱਖਦੀ ਹੈ। ਅਜ ਦੇ ਹਨੇਰਗਰਦੀ ਦੇ ਦੌਰ ਵਿਚ ਜਦੋਂ ਸਿਆਸੀ ਚੌਧਰੀ ਤੇ ਸਾਹਿਤਕਾਰ/ ਅਦੀਬ ਖਹਿ-ਖਹਿ ਮਰ ਰਹੇ ਨੇ ਤੇ ਜ਼ਾਹਿਦ ਇਕਬਾਲ ਨੇ ਜੌਹਰੀਆਂ ਵਾਲਾ ਇਤਿਹਾਸਕ ਕਾਰਜ ਕਰ ਕੇ ਸ਼ੁੱਧ ਸੋਨੇ ਨੂੰ ਮੁਲੰਮੇ ਨਾਲੋਂ ਨਿਖੇੜ ਕੇ ਨਿਰੀ ਸੱਯਦਜ਼ਾਦੇ ਦੀ ਰੂਹ ਨੂੰ ਹੀ ਤਸਕੀਨ ਨਹੀਂ ਬਖਸ਼ੀ, ਪੰਜਾਬੀ ਅਦਬ ਦੀ ਓਸ ਊਣਤਾਈ ਨੂੰ ਵੀ ਪੂਰਿਆ ਏ, ਜਿਸਨੂੰ ਦਰੁਸਤ ਕਰਨ ਵਿਚ ਸਰਕਾਰਾਂ, ਯੂਨੀਵਰਸਿਟੀਆਂ ਤੇ ਅਦਬੀ ਅਦਾਰੇ ਨਾਕਾਮਯਾਬ ਰਹੇ ਨੇ। ਏਸ ਬੈਠਕ ਨੇ ਸਮੂਹ ਪੰਜਾਬੀ ਭਾਈਚਾਰੇ ਵਲੋਂ ਜ਼ਾਹਿਦ ਇਕਬਾਲ ਦਾ ਸ਼ੁਕਰਾਨਾ ਕਰਨ ਦੇ ਨਾਲੋ-ਨਾਲ ਯੂਰਪੀ ਪੰਜਾਬੀ ਸੱਥ ਦੇ ਸਾਰੇ ਸੰਗੀ ਬੇਲੀਆਂ ਦਾ ਵੀ ਲੱਖਾਂ ਰੁਪਈਆਂ ਦੀ ਇਮਦਾਦ ਆਪਣੀਆਂ ਕਿਰਤ ਕਮਾਈਆਂ 'ਚੋਂ ਕੱਢਣ ਵਾਸਤੇ ਧੰਨਵਾਦ ਕੀਤਾ, ਜਿਹਨਾਂ ਏਸ ਕਿਤਾਬ ਨੂੰ ਛਾਪੇ ਚਾੜ੍ਹ ਕੇ ਕੁਲ ਆਲਮ ਵਿਚ ਵਸਦੇ 15 ਕਰੋੜ ਪੰਜਾਬੀਆਂ ਦਾ ਮਾਣ ਵਧਾਇਆ ਹੈ।
----
ਪੰਜਾਬ ਦੇ ਦੋਹਾਂ ਹਿੱਸਿਆਂ ਵਿਚ ਏਸ ਯੋਗ ਕਦਮ ਦੀ ਗੈਰ-ਮਾਮੂਲੀ ਸ਼ਲਾਘਾ ਕੀਤੀ ਜਾਵੇਗੀ। ਉਹਨਾਂ ਕਾਲੇ ਤੇ ਚਿੱਟੇ ਮੂੰਹਾਂ ਦੀ ਜ਼ਿਆਰਤ ਹੋ ਜਾਵੇਗੀ, ਜਿਹਨਾਂ ਇਸ ਖੇਤਰ ਵਿਚ ਕੁਝ ਨਾ ਕੁਝ ਘੱਤਿਆ ਹੈ।
ਇਸ ਬੈਠਕ ਵਿਚ ਬਜ਼ੁਰਗਵਾਰ ਖੋਜੀ ਅਦੀਬ ਸਾਹਿਤਕਾਰ ਅਜਮੇਰ ਕਵੈਂਟਰੀ, ਸੁਰਜੀਤ ਸਿੰਘ ਕਾਲੜਾ ਬਰਮਿੰਘਮ, ਹਰਜਿੰਦਰ ਸਿੰਘ ਸੰਧੂ ਡਰੌਟਿਵਿਚ, ਨਿਰਮਲ ਸਿੰਘ ਕੰਧਾਲਵੀ ਵਿਲਨਹਾਲ, ਮਹਿੰਦਰ ਸਿੰਘ ਦਿਲਬਰ ਵਾਲ ਸਾਲ, ਮਲਕੀਤ ਸਿੰਘ ਸੰਧੂ ਬਰੈਡਫੋਰਡ, ਅਮਰੀਕ ਸਿੰਘ ਧੌਲ ਗਰੇਵਜ਼ੈਂਡ, ਜਸਬੀਰ ਸਿੰਘ ਬਚਰਾ, ਜਨਮੇਜਾ ਸਿੰਘ ਜੌਹਲ ਲੁਧਿਆਣਾ ਅਤੇ ਡਾ: ਨਿਰਮਲ ਸਿੰਘ ਸੇਵਾਦਾਰ ਪੰਜਾਬੀ ਸੱਥ ਲਾਂਬੜਾ ਦੀ ਹਾਜ਼ਰੀ ਵਿਚ ਕਿਤਾਬ ਦੀ ਮੁੱਖ ਵਿਖਾਈ ਦੀ ਰਸਮ ਸਤਿਕਾਰ ਸਹਿਤ ਅਦਾ ਕੀਤੀ। ਅਜਮੇਰ ਕਵੈਂਟਰੀ ਹੋਰਾਂ ਏਸ ਇਤਿਹਾਸਕ ਮੌਕੇ ਬੋਲਦਿਆਂ ਕਿਹਾ ਕਿ ਜਨਾਬ ਜ਼ਾਹਿਦ ਇਕਬਾਲ ਨੇ ਵਾਰਿਸ ਸ਼ਾਹ ਦੇ ਕਿੱਸੇ ਵਿਚ ਖ਼ੁਦਗਰਜ਼ ਮੁਨਾਫ਼ੇਖੋਰਾਂ ਵਲੋਂ ਰਲਾਈ ਖੇਹ ਸਵਾਹ ਨੂੰ ਖੋਜੀ ਛਾਨਣਾ ਲਾਕੇ ਜਿਹੜੀ ਸੋਧ ਕੀਤੀ ਹੈ, ਉਹਦੇ ਲਈ ਪੰਜਾਬੀ ਜਗਤ ਸਦਾ ਉਹਨਾਂ ਦਾ ਅਹਿਸਾਨਮੰਦ ਰਹੇਗਾ। ਯੂਰਪੀ ਪੰਜਾਬੀ ਸੱਥ ਵਲੋਂ ਇਸ ਕਿਤਾਬ ਦੀ ‘ਗੁਰਮੁਖੀ ਲਿੱਪੀ' ਵਾਲੀ ਛਪਤ ਵੀ ਨੇੜਲੇ ਭਵਿੱਖ ਵਿਚ ਹੀ ਪੰਜਾਬੀ ਪਿਆਰਿਆਂ ਨੂੰ ਸਤਿਕਾਰ ਸਹਿਤ ਭੇਟ ਕਰਨ ਲਈ ਉਪਰਾਲੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੇ ਜਾ ਚੁੱਕੇ ਹਨ।
No comments:
Post a Comment