Monday, July 27, 2009

ਯੂਰਪੀ ਪੰਜਾਬੀ ਸੱਥ ਵਾਲਸਾਲ, ਯੂ.ਕੇ. ਦਾ ਸਾਲਾਨਾ ਸਨਮਾਨ ਸਮਾਰੋਹ ਧੂਮ ਧਾਮ ਨਾਲ਼ 18 ਜੁਲਾਈ ਨੂੰ ਹੋਇਆ



ਘਰਾਂ ਵਿੱਚ ਮਾਂ ਬੋਲੀ ਦੀ ਵਰਤੋਂ, ਨਵੇਂ ਪੋਚ ਵਿੱਚ ਪੰਜਾਬੀ ਪੜ੍ਹਨ ਦੀ ਰੁਚੀ, ਕਿਤਾਬਾਂ ਖਰੀਦਕੇ ਪੜ੍ਹਨ ਦੀ ਆਦਤ ਵਧਾਈ ਜਾਵੇ – ਮੋਤਾ ਸਿੰਘ ਸਰਾਏ
ਰਿਪੋਰਟਰ: ਜਨਮੇਜਾ ਜੌਹਲ ( ਵਾਲਸਾਲ, ਯੂ.ਕੇ.)

ਪੰਜਾਂ ਪਾਣੀਆਂ ਦੀ ਧਰਤੀ ਤੋਂ ਹਜ਼ਾਰਾਂ ਕੋਹਾਂ ਦੂਰ ਸਾਡੇ ਘੁੱਗ ਵਸਦੇ ਪੰਜਾਬੀ ਭਾਈਚਾਰੇ ਨੂੰ ਆਪਣੀਆਂ ਸਿਹਤਮੰਦ ਜੜ੍ਹਾਂ ਨਾਲ ਜੋੜਨ ਵਾਲ਼ੀ ਏਸ ਸੱਥ ਨੇ ਆਪਣੇ ਸੰਗੀ ਬੇਲੀਆਂ ਅਤੇ ਸਮੂਹ ਸੰਸਾਰ ਵਿੱਚ ਫੈਲੇ ਤਾਣੇ ਬਾਣੇ ਦੀ ਇਮਦਾਦ ਨਾਲ਼ ਹੋਰ ਅਗਾਂਹ ਪੁਲਾਘਾਂ ਪੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ। ਹਰ ਵਰ੍ਹੇ ਵਾਂਗ ਹੀ ਇਸ ਸਾਲ ਸੱਥ ਵਲੋਂ ਪੰਜਾਬੀਆਂ ਦੀ ਇੱਕ ਜੁੱਟ ਬੋਲੀ, ਵਿਰਾਸਤ ਅਤੇ ਏਕੇ ਦੀ ਅਲੰਬਰਦਾਰ ਲੰਦਨ ਵਸਦੀ ਬੀਬੀ ਰਾਣੀ ਮਲਿਕ ਨੂੰ ਸਾਝਾਂ ਦਾ ਪੁਲ਼ ਉਸਾਰਨ ਲਈ ਬਾਬਾ ਫਰੀਦ ਪੁਰਸਕਾਰ ਅਤੇ ਲਗਭਗ ਅੱਧੀ ਸਦੀ ਤੋਂ ਵਤਨੋਂ ਦੂਰ ਪੰਜਾਬੀ ਪੱਤਰਕਾਰੀ ਦੇ ਝੰਡੇ ਝੁਲਦੇ ਰੱਖਣ ਵਾਸਤੇ ਸਪਤਾਹਿਕ 'ਦੇਸ ਪ੍ਰਦੇਸ’ ਸਾਊਥਾਲ ਨੂੰ ਗਿਆਨੀ ਹੀਰਾ ਸਿੰਘ ਦਰਦ ਪੁਰਸਕਾਰ ਸਤਿਕਾਰ ਸਹਿਤ ਭੇਂਟ ਕੀਤੇ ਗਏ। ਇਹਨਾਂ ਪੁਰਸਕਾਰਾਂ ਵਿੱਚ ਇੱਕ ਇਕ ਦੋ ਤੋਲੇ ਸੋਨੇ ਦਾ ਤਮਗਾ, ਸਨਮਾਨ ਪੱਤਰ, ਕਰਮਵਾਰ ਫੁਲਕਾਰੀ ਅਤੇ ਦਸਤਾਰ ਤੇ ਸਰੋਪੇ ਭੇਂਟ ਕੀਤੇ ਗਏ। ਪੁਰਸਕਾਰ ਭੇਂਟ ਕਰਨ ਦੀ ਰਸਮ ਪੁਸ਼ਤੈਨੀ ਪੰਜਾਬ ਦੀ ਸੱਥ ਵਲੋਂ ਆਏ ਸੇਵਾਦਾਰ ਡਾਕਟਰ ਨਿਰਮਲ ਸਿੰਘ ਲਾਂਬੜਾ ਜਲੰਧਰ, ਜਗਤ ਪ੍ਰਸਿੱਧ ਹਰਫਨ ਮੌਲਾ ਫੋਟੋ ਪੱਤਰਕਾਰ, ਪ੍ਰਕਾਸ਼ਕ ਅਤੇ ਸਮਾਜ ਸੇਵਕ ਸ ਜਨਮੇਜਾ ਸਿੰਘ ਜੌਹਲ਼ ਲੁਧਿਆਣਾ, ਚੌਗਿਰਦਾ ਬਚਾਓ ਕਮੇਟੀ ਪੰਜਾਬ ਦੇ ਕਰਤਾ ਧਰਤਾ ਕੈਪਟਨ ਸਰਬਜੀਤ ਸਿੰਘ ਢਿੱਲੋਂ ਜਲੰਧਰ ਅਤੇ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਵਾਲਸਾਲ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ਼ ਨਿਭਾਈ। ਇਨ੍ਹਾਂ ਦੋਨਾਂ ਹਸਤੀਆਂ ਦੇਸ ਪ੍ਰਦੇਸ ਦੇ ਸੰਪਾਦਕ ਸ ਗੁਰਬਖ਼ਸ਼ ਸਿੰਘ ਵਿਰਕ ਅਤੇ ਬੀਬੀ ਰਾਣੀ ਮਲਿਕ ਸਬੰਧੀ ਵਿਸਥਾਰਤ ਜਾਣਕਾਰੀ ਸ: ਮੋਤਾ ਸਿੰਘ ਸਰਾਏ ਹੋਰਾਂ ਨੇ ਦਿੱਤੀ।
----
ਸ: ਮੋਤਾ ਸਿੰਘ ਸਰਾਏ ਨੇ ਪਿਛਲੇ ਨੌਂ ਸਾਲਾਂ ਦੀ ਏਸ ਸੱਥ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਦਿਆਂ ਦੱਸਿਆ ਕਿ ਯੂਰਪ ਤੇ ਯੂ ਕੇ ਤੋਂ ਵੱਖ ਹੋਰ ਦੇਸਾਂ ਰੂਸ, ਹੋਲੈਂਡ, ਆਸਟਰੀਆ, ਹਾਲੈਂਡ, ਫਰਾਂਸ ਵਿੱਚੋਂ ਵੀ ਇਹ ਸੱਥ ਸੂਝਵਾਨ ਖੋਜੀਆਂ, ਸਾਹਿਤਕਾਰਾਂ ਅਤੇ ਪੱਤਰਕਾਰਾਂ ਨੂੰ ਸਨਮਾਨਤ ਕਰ ਚੁੱਕੀ ਹੈ। ਹੁਣ ਤੀਕ ਤਕਰੀਬਨ ਸੱਠ ਕਿਤਾਬਾਂ ਤੇ ਵਿਰਾਸਤੀ ਕੈਲੰਡਰ ਛਾਪਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ।ਸਾਹਿਤ, ਗਿਆਨ ਵਿਗਿਆਨ, ਪੱਤਰਕਾਰੀ ਖੋਜ ਤੇ ਇਤਿਹਾਸ ਦੇ ਖੇਤਰਾਂ ‘ਚੋ ਆਪਣੀ ਸਮਝ ਤੇ ਨੂੰ ਜੀ ਆਇਆਂ ਆਖਦਿਆਂ ਉਹਨਾਂ ਦੇ ਸਾਰੇ ਕਾਰਜਾਂ ਵਿੱਚ ਪਾਏ ਭਰਪੂਰ ਯੋਗਦਾਨ ਵਾਸਤੇ ਧੰਨਵਾਦ ਵੀ ਕੀਤਾ।ਉਨਾਂ ਕਿਹਾ ਕਿ ਸੱਥ ਵਾਲ਼ਿਆਂ ਦਾ ਕਿਸੇ ਵੀ ਸਭਾ ਸੰਸਥਾ ਜਾਂ ਵਿਚਾਰਧਾਰਾ ਵਲ਼ਿਆਂ ਨਾਲ਼ ਕੋਈ ਵੀ ਸ਼ਰੀਕਾ ਜਾਂ ਵੈਰ ਵਿਰੋਧ ਨਹੀਂ ।ਅਸੀਂ ‘ਨਾ ਕੋ ਵੈਰੀ ਨਾਹਿ ਬੇਗਾਨਾ’ ਦੀ ਸੋਚ ਉੱਤੇ ਪਹਿਰਾ ਦੇਣ ਦੇ ਯਤਨ ਵਿੱਚ ਹਾਂ।
----
ਅੱਗੋਂ ਗੱਲ ਕਰਦਿਆਂ ਉਨਾਂ ਦੱਸਿਆ ਕਿ ਕੁੱਲ ਆਲਮ ਵਿੱਚ ਵਿਚਰਦੀਆਂ ਸਮੂਹ ਸੱਥਾਂ ਵਲੋਂ ਪਿਛਲੇ ਵੀਹਾਂ ਸਾਲਾਂ ਵਿੱਚ ਕੀਤੇ ਕੰਮਾਂ ਦੀ ਜਾਣਕਾਰੀ ਵਾਲ਼ੀ ਕੰਪਿਊਟਰ ਵੈਬਸਾਈਟ ਸ਼ੁਰੂ ਕੀਤੀ ਜਾ ਰਹੀ ਹੈ।ਇਹਦੇ ਵਿੱਚ ਹੁਣ ਤੀਕ ਸਾਰੀਆਂ ਸੱਥਾਂ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਸਨਮਾਨਤ ਹਸਤੀਆ ਪੰਜ ਦਰਜਨ ਤੋਂ ਵੱਧ ਛਾਪੀਆਂ ਕਿਤਾਬਾਂ, ਕੈਲੰਡਰਾਂ ਅਤੇ ਕੀਤੇ ਸਮਾਗਮਾਂ ਬਾਬਤ ਜਾਨਣ ਲਈ ਮਸਾਲਾ ਹੋਵੇਗਾ। ਉਨ੍ਹਾਂ ਨੇ ਜਰਮਨੀ ਅਤੇ ਇਟਲੀ ਵਿੱਚ ਸੱਥਾਂ ਸਥਾਪਤ ਕਰਨ ਲਈ ਕੀਤੀ ਜਾ ਰਹੀ ਖ਼ਤੋਕਿਤਾਬਤ ਦਾ ਜ਼ਿਕਰ ਵੀ ਕੀਤਾ। ਪਿੱਛੇ ਜਿਹੇ ਆਸਟ੍ਰੇਲੀਆ, ਨਿਊਜੀਲੈਂਡ ਵਿੱਚ ਯੂਰਪੀ ਪੰਜਾਬੀ ਸੱਥ ਦੇ ਸਹਿਯੋਗ ਨਾਲ਼ ਕਾਇਮ ਹੋਈ ਸੱਥ ਸਬੰਧੀ ਵੀ ਦੱਸਿਆ।ਅਫਰੀਕਾ ਦੇ ਦੇਸ ਕੀਨੀਆ ਵਿੱਚ ਸਥਾਪਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਗੱਲ ਵੀ ਉਨ੍ਹਾਂ ਕੀਤੀ। ਸੱਥ ਵਿੱਚ ਆਏ ਸਾਰੇ ਭੈਣ ਭਰਾਵਾਂ ਨੂੰ ਖ਼ੁਸ਼ਆਮਦੀਦ ਆਖਦਿਆਂ ਉਨਾਂ ਨੇ ਇਹ ਤੱਥ ਵੀ ਜ਼ਾਹਿਰ ਕੀਤਾ ਕਿ ਸੱਥ ਵਾਲ਼ਿਆਂ ਕੋਲ਼ ਕੋਈ ਪੱਕਾ ਪੀਡਾ ਆਮਦਨ ਦਾ ਸਾਧਨ ਨਹੀਂ ਸਗੋਂ ਇਹ ਸਾਰੇ ਕਾਰਜ ਭਾਈਚਾਰੇ ਦੀ ਆਰਥਿਕ, ਬੌਧਿਕ, ਵਿਚਾਰਧਾਰਕ ਇਮਦਾਦ ਤੇ ਹੱਲਾਸ਼ੇਰੀ ਕਾਰਨ ਹੀ ਸੰਭਵ ਹੋ ਸਕੇ ਹਨ। ਉਨਾਂ ਨੇ ਘਰਾਂ ਵਿੱਚ ਮਾਂ ਬੋਲੀ ਦੀ ਵਰਤੋਂ, ਨਵੇਂ ਪੋਚ ਵਿੱਚ ਪੰਜਾਬੀ ਪੜਨ ਦੀ ਰੁਚੀ, ਕਿਤਾਬਾਂ ਖਰੀਦਕੇ ਪੜ੍ਹਨ ਦੀ ਆਦਤ ਵਧਾਉਣ ਲਈ ਸਾਰਿਆਂ ਨੂੰ ਅਪੀਲ ਕੀਤੀ।
----
ਡਾਕਟਰ ਨਿਰਮਲ ਸਿੰਘ ਸੇਵਾਦਾਰ ਪੰਜਾਬੀ ਸੱਥ ਲਾਂਬੜਾ ਨੇ ਸੱਥਾਂ ਦੀ ਪਿਛਲੇ ਵੀਹ ਸਾਲਾਂ ਦੀ ਕਾਰਗੁਜ਼ਾਰੀ, ਸਮੂਹ ਜਗਤ ਵਿੱਚ ਫੈਲਿਆ ਸੱਥਾਂ ਦਾ ਤਾਣਾ ਬਾਣਾ ਸੱਥ ਵਲੋਂ ਛਪੀਆਂ ਕਿਤਾਬਾਂ, ਕੈਲੰਡਰਾਂ, ਹੁਣ ਤੀਕ ਸਨਮਾਨੀਆਂ ਹਸਤੀਆਂ ਸਬੰਧੀ ਵਿਸਥਾਰ ਨਾਲ਼ ਜਾਣਕਾਰੀ ਦਿੱਤੀ। ਉਨਾਂ ਸੱਥ ਵਲੋਂ ਲਹਿੰਦੇ ਚੜਦੇ ਪੰਜਾਬ ਦੀ ਸਾਂਝ ਦੀਆਂ ਤੰਦਾਂ ਪੱਕੀਆਂ ਕਰਨ, ਲਹਿਜ਼ਿਆਂ ਦੇ ਹਿਸਾਬ ਨਾਲ਼ ਪੁਸਤਕਾਂ ਛਾਪਣ ਦੀ ਚਰਚਾ ਕਰਦਿਆਂ ਦੱਸਿਆ ਕਿ ਪੁਆਧ, ਰਿਆੜਕੀ, ਮੰਜਕੀ, ਢਾਹਾ, ਦੋਨਾਂ, ਮਾਲਵਾ, ਲੱਖੀ ਜੰਗਲ਼, ਮਾਝਾ, ਜਰਗ ਪਟਿਆਲ਼ਾ ਅਤੇ ਲਹਿੰਦੇ ਪੰਜਾਬ ਦੀਆਂ ਸੱਥਾਂ ਦੀ ਕਾਇਮੀਂ ਪਿੱਛੋਂ ਸਾਡੀ ਬੋਲੀ, ਵਿਰਾਸਤ ਅਤੇ ਸੱਭਿਆਚਾਰਕ ਅਮੀਰੀ ਦੀ ਥਾਹ ਪਾਈ ਹੈ।ਡਾਕਟਰ ਨਿਰਮਲ ਸਿੰਘ ਨੇ ਏਸ ਪਰ੍ਹਿਆ ਵਿੱਚ ਪੰਜਾਬੀ ਸੱਥ ਦੀ ਵੈਬਸਾਈਟ ਯੂਰਪੀ ਪੰਜਾਬੀ ਸੱਥ ਵਲੋਂ ਸ਼ੁਰੂ ਕਰਨ ਦੀ ਸੂਚਨਾ ਵੀ ਦਿੱਤੀ। ਵਾਰਿਸ ਸ਼ਾਹ ਦੀ ਹੀਰ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ ਨਾਮੀ ਪੁਸਤਕ ਦੀ ਮੁੱਖ ਵਿਖਾਈ ਇਸ ਸਮਾਗਮ ਦੀ ਅਹਿਮ ਘਟਨਾ ਸੀ। ਗੁਜਰਾਂਵਾਲ਼ੀਏ ਵੀਰ ਜ਼ਹਿਦ ਇਕਬਾਲ ਦੀ ਏਸ ਵੱਡ ਅਕਾਰੀ ਪੁਸਤਕ ਦੀ ਹਰ ਪਾਸਿਓਂ ਸ਼ਲਾਘਾ ਹੋਈ।
----
ਸਨਮਾਨ ਦੀ ਰਸਮ ਵਿੱਚ ਦੋਹਾਂ ਸ਼ਖ਼ਸੀਅਤਾਂ ਨੂੰ ਸੱਥ ਵਲੋਂ ਦੋ ਦੋ ਤੋਲ਼ੇ ਸੋਨੇ ਦੇ ਤਮਗੇ, ਵਿਰਕ ਹੋਰਾਂ ਨੂੰ ਦਸਤਾਰ ਤੇ ਬੀਬੀ ਮਲਿਕ ਨੂੰ ਫੁਲਕਾਰੀ ਅਤੇ ਸਨਮਾਨ ਪੱਤਰ ਤੇ ਸਿਰੋਪੇ ਸਨਮਾਨ ਸਹਿਤ ਭੇਟ ਕੀਤੇ ਗਏ।ਸ ਗੁਰਬਖ਼ਸ਼ ਸਿੰਘ ਹੁਰਾਂ ਨੇ ਦੇਸ ਪ੍ਰਦੇਸ ਵਲੋਂ ਬੋਲਦਿਆਂ ਦੱਸਿਆ ਕਿ 1964 ਈ: ਵਿੱਚ ਤਰਸੇਮ ਸਿੰਘ ਪੁਰੇਵਾਲ਼ ਵਲੋਂ ਸ਼ੁਰੂ ਕੀਤੇ ਏਸ ਪਰਚੇ ਨੇ ਆਪਣੇ ਸਫਰ ਵਿੱਚ ਨਿਰੰਤਰਤਾ ਕਾਇਮ ਰਖਦਿਆਂ ਓਸ ਹਫ਼ਤੇ ਵੀ ਪਰਚਾ ਛਾਪਿਆ ਜਦੋਂ ਪੁਰੇਵਾਲ਼ ਹੁਰੀਂ ਅਣਹੋਣੀ ਨੇ ਘੇਰਕੇ ਸਾਥੋਂ ਸਦਾ ਲਈ ਖੋਹ ਲਏ ਸਨ। ਮਾਂ ਬੋਲੀ ਦੀ ਹੋਰ ਤਕੜਿਆਂ ਹੋਕੇ ਸੇਵਾ ਕਰਨ ਦਾ ਅਹਿਦ ਨਿਭਾਉਣ ਦਾ ਵਾਅਦਾ ਕੀਤਾ। ਬੀਬੀ ਰਾਣੀ ਮਲਿਕ ਨੇ ਮਾਂ ਬੋਲੀ ਨਾਲ਼ ਮੋਹ ਨੂੰ ਦਰਸਾਉਂਦੀ ਆਪਣੀ ਇੱਕ ਖ਼ੂਬਸੂਰਤ ਕਵਿਤਾ ਸੁਣਾਈ।ਉਨਾਂ ਦੇ ਲੇਖਕ ਪਤੀ ਅਮੀਨ ਮਲਿਕ ਨੇ ਵਿਅੰਗਮਈ ਲਹਿਜ਼ੇ ਵਿੱਚ ਨਵੀਂ ਪੀੜ੍ਹੀ ਖਾਸ ਕਰ ਰੇਡੀਓ ਟੀਵੀ ਤੇ ਵਰਤੀਂਦੀ ਪੰਜਾਬੀ ਸ਼ਬਦਾਵਲੀ ਕਾਰਨ ਸਾਡੀ ਜ਼ੁਬਾਨ ਦੇ ਵਿਗੜ ਰਹੇ ਹੁਲੀਏ ਦੀ ਗੱਲ ਕੀਤੀ।ਫੌਜ ਨੂੰ ਫੋਜ, ਜੌਬ ਨੂੰ ਜੋਬ, ਰੋਅਬ ਨੂੰ ਰੋਬ ਵਰਗੀਆਂ ਕਈ ਉਦਾਹਰਣਾਂ ਦਾ ਉਨਾਂ ਨੇ ਫ਼ਿਕਰਮੰਦੀ ਨਾਲ਼ ਜ਼ਿਕਰ ਕੀਤਾ।ਤਕਰੀਬਨ ਦੋ ਸੌ ਸੂਝਵਾਨ ਸਰੋਤਿਆ ਤੋਂ ਵੱਖ ਬੱਚਿਆਂ, ਬੀਬੀਆਂ, ਭੈਣਾਂ ਤੇ ਬਜ਼ੁਰਗਾਂ ਦੀ ਭਰਵੀਂ ਹਾਜ਼ਰੀ ਵਾਲ਼ੇ ਏਸ ਸਮਾਗਮ ਵਿੱਚ ਪੰਜਾਬੀ ਸੱਥ ਦੀਆਂ ਕਿਤਾਬਾਂ ਅਤੇ ਕਲੰਡਰਾਂ ਦੀ ਸੌਗਾਤ ਪੇਸ਼ ਕੀਤੀ ਗਈ। ਪਰ੍ਹਿਆ ਦੀ ਸ਼ੁਰੂਆਤ ਚੰਨ ਜੰਡਿਆਲਵੀ ਨਾਲ਼ ਹੋਈ।ਡਾਕਟਰ ਦਵਿੰਦਰ ਕੌਰ ਨੇ ਆਪਣੀ ਖ਼ੂਬਸੂਰਤ ਰਚਨਾ ਤਰੰਨੁਮ ਵਿੱਚ ਸੁਣਾ ਕੇ ਸਰਿਆ ਨੂੰ ਕੀਲ਼ ਲਿਆ।
ਚੌਗਿਰਦਾ ਬਚਾਓ ਕਮੇਟੀ ਪੰਜਾਬ ਦੇ ਪ੍ਰਧਾਨ ਕੈਪਟਨ ਸਰਬਜੀਤ ਸਿੰਘ ਢਿੱਲੋਂ ਨੇ ਪੰਜਾਬ ਦੇ ਪਲੀਤ ਹੋ ਰਹੇ ਵਾਤਾਵਰਣ ਵਿਰੁੱਧ ਵਿੱਢੀਆਂ ਮੁਹਿਮਾਂ ਦਾ ਜ਼ਿਕਰ ਕਰਦਿਆਂ ਸਾਰਿਆ ਤੋਂ ਸਹਿਯੋਗ ਦੀ ਮੰਗ ਕੀਤੀ।ਉਨਾਂ ਨੇ ਪੰਜਾਬ ਵਿੱਚ ਮੀਲ ਪੱਥਰਾਂ ਉੱਤੇ ਪੰਜਾਬੀ ਦੇ ਸ਼ਬਦ ਜੋੜਾਂ ਦੀਆਂ ਗ਼ਲਤੀਆਂ ਤੇ ਪੰਜਾਬ ਵਿੱਚ ਪੰਜਾਬੀ ਦੀ ਥਾਂ ਦੂਜੀਆਂ ਭਾਸ਼ਾਵਾਂ ਦੇ ਹੁੰਦੇ ਇਸਤੇਮਾਲ ਵੱਲ ਵੀ ਸਮਾਗਮ ਦਾ ਧਿਆਨ ਦਿਵਾਇਆ।ਸਟੇਜ ਦੀ ਸੇਵਾ ਨਿਰਮਲ ਸਿੰਘ ਕੰਧਾਲ਼ਵੀ ਅਤੇ ਹਰਜਿੰਦਰ ਸਿੰਘ ਸੰਧੂ ਨੇ ਨਿਭਾਈ।ਲਗਭਗ ਸਾਢੇ ਤਿੰਨ ਘਮਟੇ ਚੱਲੇ ਇਸ ਸਮਾਗਮ ਤੋਂ ਬਾਦ ਮੱਕੀ ਦੀ ਰੋਟੀ, ਸਾਗ ਅਤੇ ਜਲੇਬੀਆਂ ਦਾ ਲੰਗਰ ਸਭ ਨੇ ਚਾਅ ਨਾਲ਼ ਛਕਿਆ।ਸਮਾਗਮ ਵਿੱਚ ਸ਼ਾਮਲ ਹੋਣ ਵਾਲ਼ੀਆਂ ਸ਼ਖ਼ਸੀਅਤਾਂ ਦੇ ਨਾਮ ਇਸ ਪ੍ਰਕਾਰ ਹਨ:

ਸੁਰਜੀਤ ਸਿੰਘ ਕਾਲੜਾ ਬ੍ਰਮਿੰਘਮ, ਅਜਮੇਰ ਕਾਵੈਂਟਰੀ, ਸੰਤੋਖ ਸਿੰਘ ਧਾਲ਼ੀਵਾਲ਼ ਨੌਟੀਘਮ, ਸਵਰਨ ਚੰਦਨ ਵੁਲਵਰਹੈਮਪਟਨ, ਗੁਰਜੀਤ ਸਿੰਘ ਤੱਖਰ ਕਵੈਂਟਰੀ, ਗੁਰਦਰਸ਼ਨ ਸਿਘ ਸੰਘਾ, ਮਲਕੀਅਤ ਸਿੰਘ ਸੰਧੂ, ਅਮਰੀਕ ਸਿੰਘ ਧੌਲ਼, ਕਸ਼ਮੀਰ ਸਿੰਘ ਘੁੰਮਣ, ਤਰਲੋਚਨ ਸਿੰਘ, ਮਨਜੀਤ ਸਿੰਘ ਸੁੰਮਨ, ਅਰਵਿੰਦਰ ਸਿੰਘ ਸੀਹਰਾ ਲੀਡਜ਼, ਸਤਵਿੰਦਰ ਸਿੰਘ ਪੀਟਰਬਰੋ, ਰਜਿੰਦਰਜੀਤ ਲੰਡਨ, ਅਜ਼ੀਮ ਸ਼ੇਖਰ ਸਾਊਥਹਾਲ, ਮਨਪ੍ਰੀਤ ਸਿੰਘ ਬੱਧਨੀ ਡੌਟ ਕੌਮ, ਦੇਸ ਪ੍ਰਦੇਸ ਦੇ ਮੈਨੇਜਿੰਗ ਡਾਇਰੈਕਟਰ ਰਘਬੀਰ ਸਿੰਘ ਚੰਦਨ, ਡਾ ਹਰੀਸ਼ ਮਲਹੋਤਰਾ, ਭੁਪਿੰਦਰ ਸਿੰਘ ਸੱਗੂ, ਜਸਵੀਰ ਸਿੰਘ ਸੰਧਰ, ਇੰਦਰਜੀਤ ਸਿੰਘ ਗੁੱਗਨਾਣੀ, ਪਲਵਿੰਦਰ ਸਿੰਘ ਢਿੱਲੋਂ, ਬੀਬੀ ਇਕਬਾਲ ਕੌਰ ਛੀਨਾ, ਬੀਬੀ ਜਗਜੀਤ ਕੌਰ ਲਮਿੰਗਟਨ, ਕੌਂਸਲਰ ਮੋਤਾ ਸਿੰਘ, ਜਰਨੈਲ ਸਿੰਘ ਬੈਂਸ, ਸੁਰਿੰਦਰ ਸਿੰਘ ਕੰਦੋਲ਼ਾ ਸੋਲੀਹਿੱਲ ਤੇ ਬਲਦੇਵ ਸਿੰਘ ਦਿਓਲ।



No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ