ਟਰਾਂਟੋ:- (ਕੁਲਵਿੰਦਰ ਖਹਿਰਾ) 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ 28 ਅਤੇ 29 ਮਈ ਨੂੰ ਕਰਵਾਏ ਗਏ ਸਮਾਗਮ ਵਿੱਚ ਚਾਰ ਭਾਸ਼ਾਵਾਂ ਦੇ ਸਾਹਿਤ ਬਾਰੇ ਹੋਈ ਵਿਚਾਰ ਗੋਸ਼ਟੀ ਵਿੱਚ ਮੌਜੂਦਾ ਸਮੇਂ ਵਿੱਚ ਪ੍ਰਗਤੀਸ਼ੀਲ ਸਾਹਿਤ ਦੀ ਦਸ਼ਾ ਅਤੇ ਦਿਸ਼ਾ ਬਾਰੇ ਖੁੱਲ੍ਹ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਦੇ ਨਾਲ਼ ਹੀ ਇੱਕ ਸ਼ਾਨਦਾਰ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ 40 ਤੋਂ ਵੱਧ ਸ਼ਾਇਰਾਂ ਨੇ ਭਾਗ ਲਿਆ।
ਪਹਿਲੇ ਦਿਨ ਜਰਨੈਲ ਸਿੰਘ ਕਹਾਣੀਕਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਹੋਇਆਂ ਕਾਫ਼ਲੇ ਦਾ ਇਤਿਹਾਸ ਸਾਂਝਾ ਕੀਤਾ ਅਤੇ ਸਮਾਗਮ ਦਾ ਉਦਘਾਟਨ ਕਰਦਿਆਂ ਵਰਿਆਮ ਸੰਧੂ ਹੁਰਾਂ ਕਿਹਾ ਕਿ 1935 ਵਿੱਚ ਇੰਗਲੈਂਡ ਵਿੱਚ ਹੋਈ ਕਾਨਫ਼ਰੰਸ ਤੋਂ ਬਾਅਦ 1935 ਵਿੱਚ ਲਖਨਊ ਵਿੱਚ ਮੁਨਸ਼ੀ ਪ੍ਰੇਮ ਚੰਦ ਵੱਲੋਂ ਕਰਵਾਈ ਗਈ ਕਾਨਫ਼ਰੰਸ ਨਾਲ਼ ਭਾਰਤ ਵਿੱਚ ਪ੍ਰਗਤੀਸ਼ੀਲ ਲਹਿਰ ਦਾ ਮੁੱਢ ਬੱਝਾ ਮਿਥਿਆ ਜਾਂਦਾ ਹੈ ਪਰ ਪੰਜਾਬੀ ਸਾਹਿਤ ਵਿੱਚ ਪ੍ਰਗਤੀਸ਼ੀਲ ਸਾਹਿਤ ਦੇ ਸਬੂਤ ਬਾਬੇ ਫ਼ਰੀਦ ਦੇ ਸ਼ਲੋਕਾਂ ਵਿੱਚ ਵੀ ਮਿਲਦੇ ਹਨ ਅਤੇ ਇਹ ਰਵਾਇਤ ਬਾਬੇ ਨਾਨਕ ਦੀ ਬਾਣੀ ਵਿੱਚ ਵੀ ਚੱਲੀ ਆ ਰਹੀ ਵਿਖਾਈ ਦਿੰਦੀ ਹੈ। ਸੁਰਿੰਦਰ ਧੰਜਲ ਹੁਰਾਂ ਕਿਹਾ ਕਿ ਜੋ ਸਾਹਿਤ ਸਾਡੇ ਅੰਦਰਲੇ ਗੰਦ ਨੂੰ ਧੋਣ ਵਿੱਚ ਸਹਾਈ ਨਹੀਂ ਹੁੰਦਾ ਉਹ ਪ੍ਰਗਤੀਸ਼ੀਲ ਸਾਹਿਤ ਨਹੀਂ ਅਖਵਾ ਸਕਦਾ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਵਾਪਰਦੇ ਹਰ ਚੰਗੇ ਨੂੰ ਹਥਿਆਉਣ ਦੀ ਰਵਾਇਤ ਅਧੀਨ ਹੀ ਅਮਰੀਕਾ ਨੇ ਆਧੁਨਿਕਵਾਦ ਨੂੰ ਢਾਹ ਲਾਉਣ ਦੀ ਖਾਤਰ ਉੱਤਰ-ਆਧੁਨਿਕਵਾਦ ਚਲਾ ਕੇ ਸਾਹਿਤ ਦੇ ਖੇਤਰ ਵਿੱਚ ਨਿਘਾਰ ਲਿਆਂਦਾ ਹੈ। ਉੱਤਰ-ਆਧੁਨਿਕਵਾਦੀਆਂ ਵੱਲੋਂ ਆਧੁਨਿਕਵਾਦ ਉੱਤੇ ਦੂਸਰੀ ਸੰਸਾਰ ਜੰਗ ਛੇੜਨ ਦੇ ਲਾਏ ਗਏ ਦੋਸ਼ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਮੌਤ ਦੀ ਨਹੀਂ ਸਗੋਂ ਜ਼ਿੰਦਗੀ ਦੀ ਗੱਲ ਕਰਨ ਵਾਲ਼ੇ ਲੋਕ ਹਾਂ। ਗੁਰਨਾਮ ਢਿੱਲੋਂ ਹੁਰਾਂ ਕਿਹਾ ਕਿ ਸਾਹਿਤ ਅਤੇ ਸਿਧਾਂਤ ਦਾ ਆਪਸੀ ਰਿਸ਼ਤਾ ਰੁੱਖ ਅਤੇ ਜੜ੍ਹਾਂ ਵਾਲ਼ਾ ਹੈ। ਜਿਸ ਤਰ੍ਹਾਂ ਜੜ੍ਹਾਂ ਦਿਸਦੀਆਂ ਨਹੀਂ ਪਰ ਜੜ੍ਹਾਂ ਬਿਨਾਂ ਰੁੱਖ ਦੀ ਹੋਂਦ ਨਾਮੁਮਕਿਨ ਹੁੰਦੀ ਹੈ ਉਵੇਂ ਹੀ ਸਿਧਾਂਤ ਬਿਨਾਂ ਸਾਹਿਤ ਦੀ ਹੋਂਦ ਮੁਮਕਿਨ ਨਹੀਂ ਪਰ ਸਿਧਾਂਤ ਉਸੇ ਹੀ ਕਲਾਤਮਿਕ ਤਰੀਕੇ ਨਾਲ਼ ਸਿਧਾਂਤ ਵਿੱਚ ਲੁਕਿਆ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਰੁੱਖ ਦੀਆਂ ਜੜ੍ਹਾਂ ਧਰਤੀ ਹੇਠ ਰਹਿ ਕੇ ਆਪਣਾ ਰੋਲ ਨਿਭਾਉਂਦੀਆਂ ਹਨ।
ਉਰਦੂ ਸਾਹਿਤ ਬਾਰੇ ਜਿੱਥੇ ਨਦੀਮ ਪਰਮਾਰ ਨੇ ਪ੍ਰਗਤੀਸ਼ੀਲ ਲਹਿਰ ਦੇ ਇਤਿਹਾਸ ਅਤੇ ਇਸ ਵਿੱਚ ਕਾਰਜਸ਼ੀਲ ਲੇਖਕਾਂ ਦੀ ਗੱਲ ਕੀਤੀ ਓਥੇ ਸੱਯੀਅਦ ਅਜ਼ੀਮ ਨੇ ਮੌਜੂਦਾ ਸਮੇਂ ਵਿੱਚ ਪਾਕਿਸਤਾਨ ਵਿੱਚ ਪ੍ਰਗਤੀਸ਼ੀਲ ਸਾਹਿਤ ਦੇ ਰੋਲ ਬਾਰੇ ਗੱਲ ਕੀਤੀ। ਕੁਲਵਿੰਦਰ ਖਹਿਰਾ ਦੀ ਸੰਚਾਲਨਾ ਹੇਠ ਚੱਲੇ ਇਸ ਸੈਸ਼ਨ ਦੀ ਪ੍ਰਧਾਨਗੀ ਸੁਰਜਨ ਜ਼ੀਰਵੀ ਹੁਰਾਂ ਕੀਤੀ, ਮੁੱਖ ਮਹਿਮਾਨ ਵਜੋਂ ਇਸ਼ਫ਼ਾਕ ਹੁਸੈਨ ਪੇਸ਼ ਹੋਏ ਅਤੇ ਬਹਿਸ ਦਾ ਆਰੰਭ ਅਮੀਰ ਜਾਫ਼ਰੀ ਵੱਲੋਂ ਕੀਤਾ ਗਿਆ। ਹਿੰਦੀ ਸੈਸ਼ਨ ਦੀ ਸੰਚਾਲਨਾ ਕੁਲਜੀਤ ਮਾਨ ਨੇ ਕੀਤੀ ਜਦਕਿ ਪ੍ਰਧਾਨਗੀ ਜਰਨੈਲ ਸਿੰਘ ਕਹਾਣੀਕਾਰ ਨੇ ਕੀਤੀ ਅਤੇ ਮੁਖ ਮਹਿਮਾਨ ਹਿੰਦੀ ਅਖ਼ਬਾਰ ਦੇ ਸੰਪਾਦਕ ਸੁਮਨ ਘਈ ਸਨ। ਇਸ ਸੈਸ਼ਨ ਦਾ ਸ਼ਾਨਦਾਰ ਪਰਚਾ ਪ੍ਰੋਫੈਸਰ ਸ਼ੈਲਿਜਾ ਸਕਸੈਨਾ ਵੱਲੋਂ ਲਿਖਿਆ ਗਿਆ ਜਿਸ ਨੂੰ ਸਭ ਤੋਂ ਵਧੀਆ ਪਰਚਾ ਕਿਹਾ ਗਿਆ। ਅੰਗ੍ਰੇਜ਼ੀ ਸੈਸ਼ਨ ਦੀ ਸੰਚਾਲਨਾ ਅਮਰਜੀਤ ਸਾਥੀ ਅਤੇ ਪ੍ਰਧਾਨਗੀ ਇਕਬਾਲ ਰਾਮੂਵਾਲ਼ੀਆ ਨੇ ਕੀਤੀ ਜਦਕਿ ਪ੍ਰੋਫੈਸਰ ਸਲੀਮਾਹ ਵਲਿਆਨੀ ਅਤੇ ਬਰਜਿੰਦਰ ਗੁਲਾਟੀ ਵੱਲੋਂ ਪਰਚੇ ਪੜ੍ਹੇ ਗਏ।
ਰਾਤ ਸਮੇਂ ਕੁਲਵਿੰਦਰ ਖਹਿਰਾ ਦੀ ਸੰਚਾਲਨਾ ਹੇਠ ਸ਼ਾਨਦਾਰ ਕਵੀ ਦਰਬਾਰ ਹੋਇਆ ਜਿਸ ਦੀ ਸ਼ੁਰੂਆਤ ਹਰਜੀਤ ਸਿੰਘ ਅਤੇ ਸ਼ਿਵਰਾਜ ਸਨੀ ਦੀ ਗਾਇਕੀ ਨਾਲ਼ ਹੋਈ। ਕਲਾਮ ਪੇਸ਼ ਕਰਨ ਵਾਲ਼ੇ ਸ਼ਾਇਰਾਂ ਵਿੱਚ ਪਰਮਜੀਤ ਢਿੱਲੋਂ, ਜਗਦੇਵ ਨਿੱਝਰ, ਪ੍ਰੀਤਮ ਧੰਜਲ, ਗੁਰਜਿੰਦਰ ਸੰਘੇੜਾ, ਜਸਬੀਰ ਕਾਲਰਵੀ, ਗੁਰਦਾਸ ਮਿਨਹਾਸ, ਮਨਦੀਪ ਔਜਲਾ, ਪਿਆਰਾ ਸਿੰਘ ਕੁੱਦੋਵਾਲ਼, ਸੁਰਜੀਤ, ਉਂਕਾਰਪ੍ਰੀਤ, ਸੁਖਮਿੰਦਰ ਰਾਮਪੁਰੀ, ਭੁਪਿੰਦਰ ਦੁਲੇ, ਅਮਰ ਅਕਬਰਪੁਰੀ, ਕੁਲਵਿੰਦਰ ਖਹਿਰਾ, ਅਤੇ ਰਾਜਪਾਲ ਬੋਪਾਰਾਏ ਤੋਂ ਇਲਾਵਾ ਵੈਨਕੂਵਰ ਤੋਂ ਸੁਰਿੰਦਰ ਧੰਜਲ, ਕੈਲਗਰੀ ਤੋਂ ਗੁਰਬਚਨ ਬਰਾੜ, ਇੰਡੀਆ ਤੋਂ ਗੁਰਚਰਨ ਬੋਪਾਰਾਏ ਅਤੇ ਅਮਰੀਕਾ ਤੋਂ ਰਣਧੀਰ ਸਿੰਘ, ਦਲਜੀਤ ਮੋਖਾ, ਗੁਰਮੀਤ ਸੰਧੂ, ਸੁਖਵਿੰਦਰ ਕੰਬੋਜ, ਕੁਲਵਿੰਦਰ, ਰਵਿੰਦਰ ਸਹਿਰਾਅ, ਉਂਕਾਰ ਸਿੰਘ ਡੁਮੇਲੀ, ਅਤੇ ਸੁਰਿੰਦਰ ਸੋਹਲ, ਅਤੇ ਇੰਗਲੈਂਡ ਤੋਂ ਗੁਰਨਾਮ ਢਿੱਲੋਂ ਨੇ ਭਾਗ ਲਿਆ।
29 ਮਈ ਨੂੰ ਹੋਏ ਪੰਜਾਬੀ ਸੈਸ਼ਨ ਦੀ ਸੰਚਾਲਨਾ ਉਂਕਾਰਪ੍ਰੀਤ ਵੱਲੋਂ ਅਤੇ ਪ੍ਰਧਾਨਗੀ ਵਰਿਆਮ ਸੰਧੂ ਵੱਲੋਂ ਕੀਤੀ ਗਈ ਜਦਕਿ ਗੁਰਬਚਨ ਬਰਾੜ ਅਤੇ ਸੁਰਿੰਦਰ ਸੋਹਲ ਮੁੱਖ ਮਹਿਮਾਨ ਵਜੋਂ ਹਾਜ਼ਿਰ ਹੋਏ ਅਤੇ ਬਲਦੇਵ ਦੂਹੜੇ ਅਤੇ ਗੁਰਨਾਮ ਢਿੱਲੋਂ ਵੱਲੋਂ ਪੇਪਰ ਪੜ੍ਹੇ ਗਏ। ਦੋਹਾਂ ਦਿਨਾਂ ਦੀ ਗੱਲਬਾਤ ਵਿੱਚ ਕਿਰਪਾਲ ਪੰਨੂੰ, ਸੁਦਾਗਰ ਬਰਾੜ ਲੰਡੇ, ਵਕੀਲ ਕਲੇਰ, ਮਨਮੋਹਨ ਸਿੰਘ ਗੁਲਾਟੀ, ਪੂਰਨ ਸਿੰਘ ਪਾਂਧੀ, ਜਗੀਰ ਸਿੰਘ ਕਾਹਲੋਂ (ਇੰਡੀਆ), ਕਮਲਜੀਤ ਕੌਰ ਢਿੱਲੋਂ (ਇੰਡੀਆ), ਗੁਰਦੀਪ ਵਿਨੀਪੈੱਗ, ਇਕਬਾਲ ਸੁੰਬਲ, ਗੁਰਮੀਤ ਸਿੰਘ, ਇੰਦਰਜੀਤ ਸਿੰਘ, ਨਾਹਰ ਔਜਲਾ, ਆਦਿ ਨੇ ਭਾਗ ਲਿਆ।
Thursday, June 23, 2011
ਕਾਫ਼ਲੇ ਵੱਲੋਂ ਕਰਵਾਇਆ ਗਿਆ ਗੋਸ਼ਟੀ ਸਮਾਗਮ ਬੇਹੱਦ ਸਫ਼ਲ ਰਿਹਾ - ਰਿਪੋਰਟ
Subscribe to:
Post Comments (Atom)
ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ
ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
ਅਦਬ ਸਹਿਤ
ਤਨਦੀਪ ਤਮੰਨਾ
1 comment:
ਮੁਬਾਰਕਾਂ ਜੀ....
Post a Comment