ਟਰਾਂਟੋ:- (ਕੁਲਵਿੰਦਰ ਖਹਿਰਾ) 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ 28 ਅਤੇ 29 ਮਈ ਨੂੰ ਕਰਵਾਏ ਗਏ ਸਮਾਗਮ ਵਿੱਚ ਚਾਰ ਭਾਸ਼ਾਵਾਂ ਦੇ ਸਾਹਿਤ ਬਾਰੇ ਹੋਈ ਵਿਚਾਰ ਗੋਸ਼ਟੀ ਵਿੱਚ ਮੌਜੂਦਾ ਸਮੇਂ ਵਿੱਚ ਪ੍ਰਗਤੀਸ਼ੀਲ ਸਾਹਿਤ ਦੀ ਦਸ਼ਾ ਅਤੇ ਦਿਸ਼ਾ ਬਾਰੇ ਖੁੱਲ੍ਹ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਦੇ ਨਾਲ਼ ਹੀ ਇੱਕ ਸ਼ਾਨਦਾਰ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ 40 ਤੋਂ ਵੱਧ ਸ਼ਾਇਰਾਂ ਨੇ ਭਾਗ ਲਿਆ।
ਪਹਿਲੇ ਦਿਨ ਜਰਨੈਲ ਸਿੰਘ ਕਹਾਣੀਕਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਹੋਇਆਂ ਕਾਫ਼ਲੇ ਦਾ ਇਤਿਹਾਸ ਸਾਂਝਾ ਕੀਤਾ ਅਤੇ ਸਮਾਗਮ ਦਾ ਉਦਘਾਟਨ ਕਰਦਿਆਂ ਵਰਿਆਮ ਸੰਧੂ ਹੁਰਾਂ ਕਿਹਾ ਕਿ 1935 ਵਿੱਚ ਇੰਗਲੈਂਡ ਵਿੱਚ ਹੋਈ ਕਾਨਫ਼ਰੰਸ ਤੋਂ ਬਾਅਦ 1935 ਵਿੱਚ ਲਖਨਊ ਵਿੱਚ ਮੁਨਸ਼ੀ ਪ੍ਰੇਮ ਚੰਦ ਵੱਲੋਂ ਕਰਵਾਈ ਗਈ ਕਾਨਫ਼ਰੰਸ ਨਾਲ਼ ਭਾਰਤ ਵਿੱਚ ਪ੍ਰਗਤੀਸ਼ੀਲ ਲਹਿਰ ਦਾ ਮੁੱਢ ਬੱਝਾ ਮਿਥਿਆ ਜਾਂਦਾ ਹੈ ਪਰ ਪੰਜਾਬੀ ਸਾਹਿਤ ਵਿੱਚ ਪ੍ਰਗਤੀਸ਼ੀਲ ਸਾਹਿਤ ਦੇ ਸਬੂਤ ਬਾਬੇ ਫ਼ਰੀਦ ਦੇ ਸ਼ਲੋਕਾਂ ਵਿੱਚ ਵੀ ਮਿਲਦੇ ਹਨ ਅਤੇ ਇਹ ਰਵਾਇਤ ਬਾਬੇ ਨਾਨਕ ਦੀ ਬਾਣੀ ਵਿੱਚ ਵੀ ਚੱਲੀ ਆ ਰਹੀ ਵਿਖਾਈ ਦਿੰਦੀ ਹੈ। ਸੁਰਿੰਦਰ ਧੰਜਲ ਹੁਰਾਂ ਕਿਹਾ ਕਿ ਜੋ ਸਾਹਿਤ ਸਾਡੇ ਅੰਦਰਲੇ ਗੰਦ ਨੂੰ ਧੋਣ ਵਿੱਚ ਸਹਾਈ ਨਹੀਂ ਹੁੰਦਾ ਉਹ ਪ੍ਰਗਤੀਸ਼ੀਲ ਸਾਹਿਤ ਨਹੀਂ ਅਖਵਾ ਸਕਦਾ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਵਾਪਰਦੇ ਹਰ ਚੰਗੇ ਨੂੰ ਹਥਿਆਉਣ ਦੀ ਰਵਾਇਤ ਅਧੀਨ ਹੀ ਅਮਰੀਕਾ ਨੇ ਆਧੁਨਿਕਵਾਦ ਨੂੰ ਢਾਹ ਲਾਉਣ ਦੀ ਖਾਤਰ ਉੱਤਰ-ਆਧੁਨਿਕਵਾਦ ਚਲਾ ਕੇ ਸਾਹਿਤ ਦੇ ਖੇਤਰ ਵਿੱਚ ਨਿਘਾਰ ਲਿਆਂਦਾ ਹੈ। ਉੱਤਰ-ਆਧੁਨਿਕਵਾਦੀਆਂ ਵੱਲੋਂ ਆਧੁਨਿਕਵਾਦ ਉੱਤੇ ਦੂਸਰੀ ਸੰਸਾਰ ਜੰਗ ਛੇੜਨ ਦੇ ਲਾਏ ਗਏ ਦੋਸ਼ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਮੌਤ ਦੀ ਨਹੀਂ ਸਗੋਂ ਜ਼ਿੰਦਗੀ ਦੀ ਗੱਲ ਕਰਨ ਵਾਲ਼ੇ ਲੋਕ ਹਾਂ। ਗੁਰਨਾਮ ਢਿੱਲੋਂ ਹੁਰਾਂ ਕਿਹਾ ਕਿ ਸਾਹਿਤ ਅਤੇ ਸਿਧਾਂਤ ਦਾ ਆਪਸੀ ਰਿਸ਼ਤਾ ਰੁੱਖ ਅਤੇ ਜੜ੍ਹਾਂ ਵਾਲ਼ਾ ਹੈ। ਜਿਸ ਤਰ੍ਹਾਂ ਜੜ੍ਹਾਂ ਦਿਸਦੀਆਂ ਨਹੀਂ ਪਰ ਜੜ੍ਹਾਂ ਬਿਨਾਂ ਰੁੱਖ ਦੀ ਹੋਂਦ ਨਾਮੁਮਕਿਨ ਹੁੰਦੀ ਹੈ ਉਵੇਂ ਹੀ ਸਿਧਾਂਤ ਬਿਨਾਂ ਸਾਹਿਤ ਦੀ ਹੋਂਦ ਮੁਮਕਿਨ ਨਹੀਂ ਪਰ ਸਿਧਾਂਤ ਉਸੇ ਹੀ ਕਲਾਤਮਿਕ ਤਰੀਕੇ ਨਾਲ਼ ਸਿਧਾਂਤ ਵਿੱਚ ਲੁਕਿਆ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਰੁੱਖ ਦੀਆਂ ਜੜ੍ਹਾਂ ਧਰਤੀ ਹੇਠ ਰਹਿ ਕੇ ਆਪਣਾ ਰੋਲ ਨਿਭਾਉਂਦੀਆਂ ਹਨ।
ਉਰਦੂ ਸਾਹਿਤ ਬਾਰੇ ਜਿੱਥੇ ਨਦੀਮ ਪਰਮਾਰ ਨੇ ਪ੍ਰਗਤੀਸ਼ੀਲ ਲਹਿਰ ਦੇ ਇਤਿਹਾਸ ਅਤੇ ਇਸ ਵਿੱਚ ਕਾਰਜਸ਼ੀਲ ਲੇਖਕਾਂ ਦੀ ਗੱਲ ਕੀਤੀ ਓਥੇ ਸੱਯੀਅਦ ਅਜ਼ੀਮ ਨੇ ਮੌਜੂਦਾ ਸਮੇਂ ਵਿੱਚ ਪਾਕਿਸਤਾਨ ਵਿੱਚ ਪ੍ਰਗਤੀਸ਼ੀਲ ਸਾਹਿਤ ਦੇ ਰੋਲ ਬਾਰੇ ਗੱਲ ਕੀਤੀ। ਕੁਲਵਿੰਦਰ ਖਹਿਰਾ ਦੀ ਸੰਚਾਲਨਾ ਹੇਠ ਚੱਲੇ ਇਸ ਸੈਸ਼ਨ ਦੀ ਪ੍ਰਧਾਨਗੀ ਸੁਰਜਨ ਜ਼ੀਰਵੀ ਹੁਰਾਂ ਕੀਤੀ, ਮੁੱਖ ਮਹਿਮਾਨ ਵਜੋਂ ਇਸ਼ਫ਼ਾਕ ਹੁਸੈਨ ਪੇਸ਼ ਹੋਏ ਅਤੇ ਬਹਿਸ ਦਾ ਆਰੰਭ ਅਮੀਰ ਜਾਫ਼ਰੀ ਵੱਲੋਂ ਕੀਤਾ ਗਿਆ। ਹਿੰਦੀ ਸੈਸ਼ਨ ਦੀ ਸੰਚਾਲਨਾ ਕੁਲਜੀਤ ਮਾਨ ਨੇ ਕੀਤੀ ਜਦਕਿ ਪ੍ਰਧਾਨਗੀ ਜਰਨੈਲ ਸਿੰਘ ਕਹਾਣੀਕਾਰ ਨੇ ਕੀਤੀ ਅਤੇ ਮੁਖ ਮਹਿਮਾਨ ਹਿੰਦੀ ਅਖ਼ਬਾਰ ਦੇ ਸੰਪਾਦਕ ਸੁਮਨ ਘਈ ਸਨ। ਇਸ ਸੈਸ਼ਨ ਦਾ ਸ਼ਾਨਦਾਰ ਪਰਚਾ ਪ੍ਰੋਫੈਸਰ ਸ਼ੈਲਿਜਾ ਸਕਸੈਨਾ ਵੱਲੋਂ ਲਿਖਿਆ ਗਿਆ ਜਿਸ ਨੂੰ ਸਭ ਤੋਂ ਵਧੀਆ ਪਰਚਾ ਕਿਹਾ ਗਿਆ। ਅੰਗ੍ਰੇਜ਼ੀ ਸੈਸ਼ਨ ਦੀ ਸੰਚਾਲਨਾ ਅਮਰਜੀਤ ਸਾਥੀ ਅਤੇ ਪ੍ਰਧਾਨਗੀ ਇਕਬਾਲ ਰਾਮੂਵਾਲ਼ੀਆ ਨੇ ਕੀਤੀ ਜਦਕਿ ਪ੍ਰੋਫੈਸਰ ਸਲੀਮਾਹ ਵਲਿਆਨੀ ਅਤੇ ਬਰਜਿੰਦਰ ਗੁਲਾਟੀ ਵੱਲੋਂ ਪਰਚੇ ਪੜ੍ਹੇ ਗਏ।
ਰਾਤ ਸਮੇਂ ਕੁਲਵਿੰਦਰ ਖਹਿਰਾ ਦੀ ਸੰਚਾਲਨਾ ਹੇਠ ਸ਼ਾਨਦਾਰ ਕਵੀ ਦਰਬਾਰ ਹੋਇਆ ਜਿਸ ਦੀ ਸ਼ੁਰੂਆਤ ਹਰਜੀਤ ਸਿੰਘ ਅਤੇ ਸ਼ਿਵਰਾਜ ਸਨੀ ਦੀ ਗਾਇਕੀ ਨਾਲ਼ ਹੋਈ। ਕਲਾਮ ਪੇਸ਼ ਕਰਨ ਵਾਲ਼ੇ ਸ਼ਾਇਰਾਂ ਵਿੱਚ ਪਰਮਜੀਤ ਢਿੱਲੋਂ, ਜਗਦੇਵ ਨਿੱਝਰ, ਪ੍ਰੀਤਮ ਧੰਜਲ, ਗੁਰਜਿੰਦਰ ਸੰਘੇੜਾ, ਜਸਬੀਰ ਕਾਲਰਵੀ, ਗੁਰਦਾਸ ਮਿਨਹਾਸ, ਮਨਦੀਪ ਔਜਲਾ, ਪਿਆਰਾ ਸਿੰਘ ਕੁੱਦੋਵਾਲ਼, ਸੁਰਜੀਤ, ਉਂਕਾਰਪ੍ਰੀਤ, ਸੁਖਮਿੰਦਰ ਰਾਮਪੁਰੀ, ਭੁਪਿੰਦਰ ਦੁਲੇ, ਅਮਰ ਅਕਬਰਪੁਰੀ, ਕੁਲਵਿੰਦਰ ਖਹਿਰਾ, ਅਤੇ ਰਾਜਪਾਲ ਬੋਪਾਰਾਏ ਤੋਂ ਇਲਾਵਾ ਵੈਨਕੂਵਰ ਤੋਂ ਸੁਰਿੰਦਰ ਧੰਜਲ, ਕੈਲਗਰੀ ਤੋਂ ਗੁਰਬਚਨ ਬਰਾੜ, ਇੰਡੀਆ ਤੋਂ ਗੁਰਚਰਨ ਬੋਪਾਰਾਏ ਅਤੇ ਅਮਰੀਕਾ ਤੋਂ ਰਣਧੀਰ ਸਿੰਘ, ਦਲਜੀਤ ਮੋਖਾ, ਗੁਰਮੀਤ ਸੰਧੂ, ਸੁਖਵਿੰਦਰ ਕੰਬੋਜ, ਕੁਲਵਿੰਦਰ, ਰਵਿੰਦਰ ਸਹਿਰਾਅ, ਉਂਕਾਰ ਸਿੰਘ ਡੁਮੇਲੀ, ਅਤੇ ਸੁਰਿੰਦਰ ਸੋਹਲ, ਅਤੇ ਇੰਗਲੈਂਡ ਤੋਂ ਗੁਰਨਾਮ ਢਿੱਲੋਂ ਨੇ ਭਾਗ ਲਿਆ।
29 ਮਈ ਨੂੰ ਹੋਏ ਪੰਜਾਬੀ ਸੈਸ਼ਨ ਦੀ ਸੰਚਾਲਨਾ ਉਂਕਾਰਪ੍ਰੀਤ ਵੱਲੋਂ ਅਤੇ ਪ੍ਰਧਾਨਗੀ ਵਰਿਆਮ ਸੰਧੂ ਵੱਲੋਂ ਕੀਤੀ ਗਈ ਜਦਕਿ ਗੁਰਬਚਨ ਬਰਾੜ ਅਤੇ ਸੁਰਿੰਦਰ ਸੋਹਲ ਮੁੱਖ ਮਹਿਮਾਨ ਵਜੋਂ ਹਾਜ਼ਿਰ ਹੋਏ ਅਤੇ ਬਲਦੇਵ ਦੂਹੜੇ ਅਤੇ ਗੁਰਨਾਮ ਢਿੱਲੋਂ ਵੱਲੋਂ ਪੇਪਰ ਪੜ੍ਹੇ ਗਏ। ਦੋਹਾਂ ਦਿਨਾਂ ਦੀ ਗੱਲਬਾਤ ਵਿੱਚ ਕਿਰਪਾਲ ਪੰਨੂੰ, ਸੁਦਾਗਰ ਬਰਾੜ ਲੰਡੇ, ਵਕੀਲ ਕਲੇਰ, ਮਨਮੋਹਨ ਸਿੰਘ ਗੁਲਾਟੀ, ਪੂਰਨ ਸਿੰਘ ਪਾਂਧੀ, ਜਗੀਰ ਸਿੰਘ ਕਾਹਲੋਂ (ਇੰਡੀਆ), ਕਮਲਜੀਤ ਕੌਰ ਢਿੱਲੋਂ (ਇੰਡੀਆ), ਗੁਰਦੀਪ ਵਿਨੀਪੈੱਗ, ਇਕਬਾਲ ਸੁੰਬਲ, ਗੁਰਮੀਤ ਸਿੰਘ, ਇੰਦਰਜੀਤ ਸਿੰਘ, ਨਾਹਰ ਔਜਲਾ, ਆਦਿ ਨੇ ਭਾਗ ਲਿਆ।
Thursday, June 23, 2011
ਕਾਫ਼ਲੇ ਵੱਲੋਂ ਕਰਵਾਇਆ ਗਿਆ ਗੋਸ਼ਟੀ ਸਮਾਗਮ ਬੇਹੱਦ ਸਫ਼ਲ ਰਿਹਾ - ਰਿਪੋਰਟ
Saturday, May 28, 2011
ਨੌਟਿੰਘਮ ਵਿਖੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਗਮ - ਰਿਪੋਰਟ
ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪੇ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।
ਰਿਪੋਰਟ: ਸੰਤੋਖ ਧਾਲੀਵਾਲ: ਯੂ.ਕੇ.: ੮ ਮਈ ਦਿਨ ਐਤਵਾਰ ੨੦੧੧ ਨੂੰ ਨੌਟਿੰਘਮ ਵਿਖੇ ਇੰਡੀਅਨ ਸੈਂਟਰ ਨੌਟਿੰਘਮ ਤੇ ੫੦+ ਅਸੋਸੀਏਸ਼ਨ ਵਲੋਂ ਅਜ਼ਾਦੀ ਲਈ ਭਗਤ ਸਿੰਘ ਤੇ ਹੋਰ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਇੱਕ ਸਮਾਗਮ ਆਯੋਜਿਤ ਕੀਤਾ ਗਿਆ।ਖਚਾ-ਖਚ ਭਰੇ ਇੰਡੀਅਨ ਸੈਂਟਰ ਦੇ ਖ਼ੂਬਸੂਰਤ ਹਾਲ 'ਚ ਚੈਂਚਲ ਸਿੰਘ ਬਾਬਕ ਪਰਧਾਨ ੫੦+ ਅਸੋਸੀਏਸ਼ਨ ਨੇ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਆਪਣੀ ਭਗਤ ਸਿੰਘ ਬਾਰੇ ਲਿਖੀ ਨਜ਼ਮ ਪੜ੍ਹ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਸਟੇਜ ਤੇ ਪਰਧਾਨਗੀ ਮੰਡਲ 'ਚ ਚੈਂਚਲ ਸਿੰਘ ਬਾਬਕ, ਕਸ਼ਮੀਰਾ ਸਿੰਘ, ਡਾ.ਗੁਰਨਾਮ ਸਿੰਘ ਸੰਘੇੜਾ ਕੈਨੇਡਾ, ਡਾ. ਸਰਜਿੰਦਰ ਸਿੰਘ ਗਲਾਸਗੋ ਤੇ ਅਵਤਾਰ ਜੌਹਲ I.W.A G.Britain ਸੁਸ਼ੋਭਿਤ ਸਨ।
ਪ੍ਰੋਗਰਾਮ ਰੀਫਰੈਸ਼ਮੈਂਟ ਜਿਹੜੀ ਕਿ ਕਸ਼ਮੀਰਾ ਸਿੰਘ ਮਾਲਕ (Red hot chain of restaurants) ਵਲੋਂ ਪਰਦਾਨ ਕੀਤੀ ਗਈ ਸੀ ਮਗਰੋਂ ਸ਼ੁਰੂ ਕੀਤਾ ਗਿਆ। ਆਪਣੇ ਪ੍ਰੋਗਰਾਮਾਂ ਦੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਪ੍ਰੋਗਰਾਮ ਠੀਕ ਤਿੰਨ ਵਜੇ ਸ਼ਰੂ ਕਰ ਦਿੱਤਾ ਗਿਆ।ਸਭ ਤੋਂ ਪਹਿਲਾਂ ਡਾ. ਗੁਰਨਾਮ ਸਿੰਘ ਸੰਘੇੜਾ ਨੇ ਭਗਤ ਸਿੰਘ ਤੇ ਉਸਦੇ ਸਾਥੀਆਂ ਦੀਆਂ ਕੁਰਬਾਨੀਆਂ ਪਿਛੇ ਜਿਹੜੀ ਸੋਚ ਸੀ ਉਸਨੂੰ ਬਹੁਤ ਹੀ ਸੁਚੱਜੇ ਢੰਗ ਤੇ ਵਿਸਥਾਰ ਨਾਲ ਪੇਸ਼ ਕੀਤਾ।ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਹੁਣ ਭਗਤ ਸਿੰਘ ਦੀ ਸ਼ਖ਼ਸੀਅਤ ਤੇ ਉਸਦੀ ਕੁਰਬਾਨੀ ਨੂੰ ਮੂਹਰੇ ਰੱਖ ਕੇ ਲੋਕਾਂ ਨੂੰ ਕਿਵੇਂ ਵਰਗਲਾ ਰਹੀਆਂ ਹਨ ਇਸ ਦਾ ਪੂਰਨ ਤੇ ਬਹੁਤ ਹੀ ਵਿਦਵਤਾ ਭਰੀਆਂ ਉਦਾਹਰਨਾਂ ਦੇ ਕੇ ਖੁਲਾਸਾ ਕੀਤਾ ਤੇ ਉਨ੍ਹਾਂ ਲੋਕਾਂ ਦਾ ਖੰਡਨ ਕੀਤਾ ਜਿਹੜੇ ਉਸਦੇ ਨਾਂ ਨੂੰ ਵਰਤ ਕੇ ਆਪਣੀ ਹੋਂਦ ਨੂੰ ਜੀਉਂਦਾ ਰਖਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਨ੍ਹਾਂ ਦੇ ਪਾਜ ਬੜੇ ਹੀ ਸੱਭਿਅਕ ਲਫ਼ਜ਼ਾਂ ਰਾਹੀਂ ਉਧੇੜੇ।
ਡਾ. ਸੁਰਜਿੰਦਰ ਸਿੰਘ ਨੇ ਆਪਣੇ ਤੇ ਇਸ ਪ੍ਰੋਗਰਾਮ ਦੇ ਪ੍ਰਮੁੱਖ ਕਰਤਾ ਕਸ਼ਮੀਰਾ ਸਿੰਘ ਨਾਲ ਆਪਣੇ ਨਿੱਘੇ ਤੇ ਚਿਰ ਸਦੀਵੀ ਰਿਸ਼ਤੇ ਨੂੰ ਬਿਆਨਣ ਤੋਂ ਬਾਅਦ ਭਗਤ ਸਿੰਘ ਤੇ ਉਸਦੇ ਸਾਥੀਆਂ ਵੇਲੇ ਹਿੰਦੋਸਤਾਨ ਦੀ ਸਿਆਸਤ ਤੇ ਲੋਕਾਂ 'ਚ ਅਜ਼ਾਦੀ ਲਈ ਭਖਵੀਂ ਲਹਿਰ ਦਾ ਵਿਸਥਾਰ 'ਚ ਬਿਆਨ ਕੀਤਾ ਤੇ ਉਸ ਸਮੇ ਦੀ ਦਸ਼ਾ ਨੂੰ ਤਾਰੀਖੀ ਨੁਕਤਾ ਨਿਗਾਹ ਨਾਲ ਘੋਖਦਿਆਂ ਬਹੁਤ ਹੀ ਭਾਵਪੂਰਤ ਸ਼ਬਦਾਂ ਰਾਹੀਂ ਬਿਆਨ ਕੀਤਾ।
ਅਵਤਾਰ ਜੌਹਲ ਨੇ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਸੁਪਨੇ ਨਾਲ ਕੀ ਵਾਪਰਿਆ ਤੇ ਕੀ ਵਾਪਰ ਰਿਹਾ ਹੈ ਅੰਕੜਿਆਂ ਨਾਲ ਖੋਲ੍ਹ ਕੇ ਬਹੁਤ ਹੀ ਵਿਸਥਾਰ 'ਚ ਲੋਕਾਂ ਸਾਮ੍ਹਣੇ ਰੱਖਿਆ।ਭਗਤ ਸਿੰਘ ਨੂੰ ਸ਼ਹੀਦਾਂ ਦਾ ਸਿਰਤਾਜ ਕਿਉਂ ਮੰਨਿਆ ਜਾ ਰਿਹਾ ਹੈ ਇਸਦਾ ਵੀ ਪੂਰੀ ਤੇ ਸੁਲਝੀ ਤੇ ਭਾਵਪੂਰਤ ਬੋਲੀ ਰਾਹੀਂ ਬਿਆਨ ਕੀਤਾ ਕਿ ੨੩ ਸਾਲ ਦੀ ਉਮਰ 'ਚ ਉਸਦਾ ਅਧਿਐਨ ਏਨਾ ਵਿਸ਼ਾਲ ਸੀ ਕਿ ਉਸਨੇ ਧਾਰਮਕ ਗ੍ਰੰਥਾਂ ਤੋਂ ਲੈ ਕੇ ਕਾਰਲ ਮਾਰਕਸ ਤੱਕ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰ ਲਿਆ ਸੀ।ਸਮੇ ਦੇ ਕਿਸੇ ਵੀ ਲਾਲਚ ਨੇ ਉਸਦੇ ਅਕੀਦੇ 'ਚ ਤ੍ਰੇੜ ਨਹੀਂ ਆਉਣ ਦਿੱਤੀ। ਉਸਨੂੰ ਪੂਰਨ ਯਕੀਨ ਸੀ ਕਿ ਸ਼ਹਾਦਤਾਂ ਤੋਂ ਬਿਨਾ ਵਿਦੇਸ਼ੀ ਰਾਜ ਦੀਆਂ ਜੜ੍ਹਾਂ ਹਿਲਾਈਆਂ ਨਹੀਂ ਜਾ ਸਕਣੀਆਂ।
ਭਾਰਤ ਦੀ ਬਹੁ-ਚਰਚਿਤ ਤਰੱਕੀ 'ਚ ਆਮ ਲੋਕ ਹਾਲੀ ਵੀ ੨੦ ਰੁਪਏ 'ਚ ਦਿਹਾੜੀਆਂ ਕੱਟ ਰਹੇ ਹਨ।ਉਸ ਮਹਾਨ ਦੇਸ਼ 'ਚ ਅੰਤਾਂ ਦੀ ਗਰੀਬੀ ਹੈ।ਭਰੂਣ ਹੱਤਿਆ ਬਾਰੇ ਅੰਕੜਿਆਂ ਸਮੇਤ ਭਾਈਚਾਰਕ ਖੰਡਨ ਕੀਤਾ।ਸਰੋਤਿਆਂ ਨੇ ਸਾਰੀਆਂ ਹੀ ਤਕਰੀਰਾਂ ਪੂਰੇ ਧਿਆਨ ਤੇ ਉਤਸ਼ਾਹ ਨਾਲ ਸੁਣੀਆਂ ਤੇ ਬੁਲਾਰਿਆਂ ਨੂੰ ਆਪਣਾ ਪੂਰਾ ਪੂਰਾ ਸਹਿਯੋਗ ਦਿੱਤਾ।
ਅੰਤ 'ਚ ਕਸ਼ਮੀਰਾ ਸਿੰਘ ਨੇ ਸਾਰੇ ਆਏ ਲੋਕਾਂ ਦਾ ਧੰਨਵਾਦ ਕੀਤਾ ਤੇ ਇਹੋ ਜਿਹੇ ਪ੍ਰੋਗਰਾਮ ਕਰਦੇ ਰਹਿਣ ਦਾ ਇਕਰਾਰ ਵੀ ਕੀਤਾ ਤੇ ਉਨ੍ਹਾਂ ਦੇ ਸਹਿਯੋਗ ਲਈ ਆਸ ਪ੍ਰਗਟਾਈ।ਸਟੇਜ ਸੰਤੋਖ ਧਾਲੀਵਾਲ ਨੇ ਸੰਭਾਲੀ ਤੇ ਅੰਤ 'ਚ ਉਸਨੇ ਇੰਡੀਨ ਸੈਂਟਰ ਦੀ ਕਮੇਟੀ, ਸਟਾਫ ਤੇ ਕਸ਼ਮੀਰਾ ਸਿੰਘ ਦਾ ਧੰਨਵਾਦ ਕੀਤਾ।
ਇਸ ਤੋਂ ਮਗਰੋਂ ਦੋ ਘੰਟੇ ਲਈ ਕਵੈਂਟਰੀ ਦੇ ਪੰਜਾਬੀ ਡੈਸਕੋ ਗਰੁਪ ਨੇ ਪਰਾਣੇ ਤੇ ਨਵੇਂ ਗੀਤ ਸਾਨਗੀ ਤੇ ਢੋਲ ਨਾਲ ਸੁਣਾ ਕੇ ਨਿਹਾਲ ਕੀਤਾ ਜਿਸਨੂੰ ਆਏ ਲੋਕਾਂ ਨੇ ਰੱਜਵੀਂ ਦਾਦ ਦਿੱਤੀ।ਪ੍ਰੋਗਰਾਮ ਠੀਕ ੬ ਵਜੇ ਸਮਾਪਤ ਕੀਤਾ ਗਿਆ।
ਨੌਟਿੰਘਮ ਦੇ ਇਸ ਪ੍ਰੋਗਰਾਮ ਤੋਂ ਪਹਿਲਾਂ ਕਸ਼ਮੀਰਾ ਸਿੰਘ ਦੇ ਸਹਿਯੋਗ ਨਾਲ ੨੪ ਅਪ੍ਰੈਲ ਨੂੰ ਗਲਾਸਗੋ ਵਿਖੇ ਵੀ ਇੱਕ ਸ਼ਰਧਾਂਜਲੀ ਪ੍ਰੋਗਰਾਮ ਆਯੋਜਤ ਕੀਤਾ ਗਿਆ ਸੀ ਜਿੱਥੇ ਭਰਵੀ ਹਾਜ਼ਰੀ ਨੂੰ ਵੀ ਡਾ. ਗੁਰਨਾਮ ਸੰਘੇੜਾ,ਡਾ. ਸਰਜਿੰਦਰ ਸਿੰਘ ਤੇ ਪਰਮਜੀਤ ਬਾਸੀ ਨੇ ਸੰਬੋਧਨ ਕੀਤਾ ।
ਅਜ਼ੀਮ ਸ਼ੇਖਰ ਦੇ ਗ਼ਜ਼ਲ-ਸੰਗ੍ਰਹਿ 'ਹਵਾ ਨਾਲ ਖੁੱਲ੍ਹਦੇ ਬੂਹੇ' ਉੱਪਰ ਭਰਵੀਂ ਵਿਚਾਰ ਚਰਚਾ ਹੋਈ - ਰਿਪੋਰਟ
ਚਰਚਾ ਅਧੀਨ ਗ਼ਜ਼ਲ ਸੰਗ੍ਰਹਿ ਉੱਪਰ ਮੁੱਖ ਪਰਚਾ ਗ਼ਜ਼ਲਗੋ ਤੇ ਆਲੋਚਕ ਗੁਰਦਾਸ ਸਿੰਘ ਪਰਮਾਰ ਵੱਲੋਂ ਪੜ੍ਹਿਆ ਗਿਆ । ਉਸਨੇ ਅਜ਼ੀਮ ਸ਼ੇਖਰ ਨੂੰ ਸੁਹਿਰਦ, ਕੋਮਲ ਭਾਵੀ ਤੇ ਮਾਨਵੀ ਕਦਰਾਂ- ਕੀਮਤਾਂ ਦਾ ਪੈਰੋਕਾਰ ਸ਼ਾਇਰ ਆਖਿਆ । ਉਹ ਦਰਦ, ਉਦਾਸੀ ਤੇ ਉਮੀਦ ਦਾ ਸ਼ਾਇਰ ਹੈ। ਹੇਠਲੇ ਸ਼ਿਅਰ ਦੇ ਹਵਾਲੇ ਨਾਲ ਉਸਨੂੰ ਇੱਕ ਸੁਹਜਾਤਮਕ ਕਵੀ ਆਖਿਆ- ' ਬਣੇ ਜਦ ਖ਼ਾਬ ਅੰਬਰ ਦਾ ਹਵਾਵਾਂ ਦੀ ਵਫ਼ਾ ਵੇਖੀ, ਅਸੀਂ ਪਰਵਾਜ਼ ਤੋਂ ਪਹਿਲਾਂ ਪਰਿੰਦੇ ਦੀ ਅਦਾ ਵੇਖੀ ।' ਡਾ ਅਮਰਜੋਤੀ ਨੇ ਸ਼ੇਖ਼ਰ ਦੇ ਸ਼ਿਅਰਾਂ ਦੀਆਂ ਵੱਖ-ਵੱਖ ਪਰਤਾਂ ਨੂੰ ਫ਼ੋਲਦਿਆਂ ਉਸ ਅੰਦਰਲੇ ਸੰਵੇਦਨਸ਼ੀਲ ਕਵੀ ਦੀ ਸ਼ਨਾਖ਼ਤ ਕੀਤੀ । ਕੈਲਾਸ਼ਪੁਰੀ ਨੇ ਉਸਨੂੰ ਇੱਕ ਵਧੀਆ ਕਿਤਾਬ ਲਿਖਣ 'ਤੇ ਵਧਾਈ ਪੇਸ਼ ਕੀਤੀ । ਕਾਮਰੇਡ ਅਵਤਾਰ ਉੱਪਲ ਨੇ ਪੁਸਤਕ ਤੇ ਪਰਚੇ ਉੱਪਰ ਉਸਾਰੂ ਟਿੱਪਣੀਆਂ ਕਰਦਿਆਂ ਕਿਹਾ ਕਿ ਅਗਾਂਹਵਧੂ ਸਾਹਿਤ ਸਮਾਜ 'ਚ ਹਮੇਸ਼ਾ ਮੌਜੂਦ ਰਿਹਾ ਹੈ । ਹਰਬਖ਼ਸ਼ ਮਕਸੂਦਪੁਰੀ ਨੇ ਸਭਾ ਨੂੰ ਮੁਬਾਰਕਬਾਦ ਪੇਸ਼ ਕੀਤੀ । ਪ੍ਰੀਤਮ ਸਿੰਘ ਸਿੱਧੂ, ਦਰਸ਼ਨ ਬੁਲੰਦਵੀ, ਸ਼ਿਵਚਰਨ ਗਿੱਲ, ਪੂਰਨ ਸਿੰਘ, ਜਗਤਾਰ ਢਾਅ, ਦਲਵੀਰ ਕੌਰ, ਸਾਥੀ ਲੁਧਿਆਣਵੀ,ਸ੍ਰੀਮਤੀ ਕੁਲਵੰਤ ਢਿਲੋਂ, ਚਮਨ ਲਾਲ ਚਮਨ, ਗੁਰਸ਼ਰਨ ਅਜੀਬ, ਮਹਿੰਦਰਪਾਲ ਧਾਲੀਵਾਲ, ਵਰਿੰਦਰ ਸ਼ਰਮਾ ਐਮ ਪੀ, ਕਿਰਪਾਲ ਸਿੰਘ ਪੂਨੀ ਤੇ ਦਵਿੰਦਰ ਨੌਰਾ ਆਦਿ ਸਾਹਿਤਕਾਰਾਂ ਨੇ ਪੁਸਤਕ ਅਤੇ ਪਰਚੇ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਸਾਰੂ ਸੁਝਾਅ ਦਿੱਤੇ। ਇਸ ਹਿੱਸੇ ਦਾ ਸੰਚਾਲਨ ਸਕੱਤਰ ਰਾਜਿੰਦਰਜੀਤ ਨੇ ਕੀਤਾ । ਕਹਾਣੀਕਾਰ ਯਸ਼ ਦੀ ਨਵੀਂ ਪੁਸਤਕ 'ਕ੍ਰੈਡਿਟ ਕਾਰਡ' ਅਤੇ ਦਰਸ਼ਨ ਬੁਲੰਦਵੀ ਦੀ ਪੁਸਤਕ ਦੇ ਹਿੰਦੀ ਅਨੁਵਾਦ 'ਹਾਰ ਕਰ ਭੀ' ਨੂੰ ਹਾਜ਼ਿਰ ਸਾਹਿਤਕਾਰਾਂ ਨੇ ਰਿਲੀਜ਼ ਕੀਤਾ । 'ਕ੍ਰੈਡਿਟ ਕਾਰਡ' ਨਾਲ ਜਾਣ-ਪਛਾਣ ਸਾਥੀ ਲੁਧਿਆਣਵੀ ਨੇ ਕਰਵਾਈ ।
ਸਮਾਗਮ ਦੇ ਦੂਸਰੇ ਭਾਗ ਵਿੱਚ ਵਿਸ਼ਾਲ ਕਵੀ ਦਰਬਾਰ ਵਿੱਚ ਹੋਇਆ । ਇਸ 'ਚ ਵਰਿੰਦਰ ਪਰਿਹਾਰ, ਅਜ਼ੀਮ ਸ਼ੇਖਰ, ਜਸਵਿੰਦਰ ਮਾਨ, ਦਲਵੀਰ ਕੌਰ ਵੁਲਵਰਹੈਂਪਟਨ, ਸੁਰਿੰਦਰਪਾਲ, ਕਿਰਪਾਲ ਸਿੰਘ ਪੂਨੀ, ਸਿਕੰਦਰ ਬਰਾੜ, ਰਾਜ ਸੇਖੋਂ, ਸ੍ਰੀਮਤੀ ਕੈਲਾਸ਼ਪੁਰੀ, ਸੰਤੋਖ ਹੇਅਰ, ਸੁਰਿੰਦਰ ਗਾਖਲ, ਡਾ ਅਮਰਜੋਤੀ, ਡਾ ਕਿਰਨਦੀਪ, ਗੁਰਨਾਮ ਗਿੱਲ, ਗੁਰਸ਼ਰਨ ਸਿੰਘ ਅਜੀਬ, ਗੁਰਬਚਨ ਆਜ਼ਾਦ, ਕੁਲਵੰਤ ਢਿੱਲੋਂ, ਗਗਨ ਕੁੱਸਾ, ਗੁਰਪ੍ਰੀਤ ਧਾਲੀਵਾਲ, ਮਨਜੀਤ ਕੌਰ, ਮਹਿੰਦਰ ਮਿੱਢਾ, ਪੱਤਰਕਾਰ ਮਨਦੀਪ ਖੁਰਮੀ , ਹੈਰੀ ਸੰਧੂ, ਮਨਜਿੰਦਰ ਖੰਗੂੜਾ, ਮਨਪ੍ਰੀਤ ਸਿੰਘ ਬੱਧਨੀ, ਸ਼ਿਵਚਰਨ ਗਿਲ, ਬਿੱਟੂ ਖੰਗੂੜਾ, ਸਿਮਰ ਪਾਂਗਲੀ, ਅਜੀਤ ਚੱਗੜ, ਰਣਧੀਰ ਸੰਧੂ ਆਦਿ ਕਵੀਆਂ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਸਮਾ ਬੰਨ੍ਹੀ ਰੱਖਿਆ । ਮਨਪ੍ਰੀਤ ਸਿੰਘ ਬੱਧਨੀਕਲਾਂ ਨੇ ਕਵੀ ਦਰਬਾਰ ਦੀ ਕਾਰਵਾਈ ਚਲਾਈ ।
ਸਮਾਗਮ 'ਚ ਹੋਰਾਂ ਤੋਂ ਇਲਾਵਾ ਦਰਸ਼ਨ ਢਿੱਲੋਂ ( ਸੰਪਾਦਕ ਚਰਚਾ),ਗਲਪਕਾਰ ਹਰਜੀਤ ਅਟਵਾਲ, ਕੁਲਤਾਰ ਸਿੰਘ ਖਾਬੜਾ, ਜਸਵਿੰਦਰ ਛਿੰਦਾ ਬਰਮਿੰਘਮ, ਆਰਟਿਸਟ ਕੰਵਲ ਧਾਲੀਵਾਲ, ਸੰਤੋਖ ਸਿੰਘ ਸੈਂਹਭੀ, ਡਾ ਤਾਰਾ ਸਿੰਘ ਆਲਮ ਵੀ ਮੌਜੂਦ ਸਨ ।
ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ
ਅਦਬ ਸਹਿਤ
ਤਨਦੀਪ ਤਮੰਨਾ