Saturday, June 5, 2010

ਬਰੈਡਫੋਰਡ ਯੂ.ਕੇ. ਵਿਖੇ ਕਸ਼ਮੀਰ ਸਿੰਘ ਘੁੰਮਣ ਦੀ ਕਾਵਿ ਪੁਸਤਕ ਰਿਲੀਜ਼ - ਰਿਪੋਰਟ


ਬਰੈਡਫੋਰਡ ਯੂ.ਕੇ. ਵਿਖੇ ਕਰਵਾਏ ਗਏ ਕਵੀ ਦਰਬਾਰ ‘ਚ ਕਸ਼ਮੀਰ ਸਿੰਘ ਘੁੰਮਣ ਦੀ ਕਾਵਿ ਪੁਸਤਕ ਰਿਲੀਜ਼

ਰਿਪੋਰਟ: ਸ੍ਰ: ਤਰਲੋਚਨ ਸਿੰਘ ਦੁੱਗਲ ( ਯੂ.ਕੇ.)

ਬਰੈਡਫੋਰਡ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਔਫ ਸਿੱਖਸ ਵਲੋਂ 15 ਮਈ 2010 ਦਿਨ ਸ਼ਨਿਚਰਵਾਰ ਨੂੰ 22ਵਾਂ ਕਵੀ ਦਰਬਾਰ ਵੈਂਟਨਰ ਹਾਲ, ਬਰੈਡਫੋਰਡ, ਯੌਰਕਸ਼ਾਇਰ ਵਿਖੇ ਕਰਵਾਇਆ ਗਿਆ। ਮੁੱਖ ਮਹਿਮਾਨਾਂ ਵਜੋਂ ਯੂਰਪ ਦੀ ਪੰਜਾਬੀ ਸੱਥ ਦੇ ਮੁੱਖ ਸੰਚਾਲਕ ਸ੍ਰ: ਮੋਤਾ ਸਿੰਘ ਸਰਾਏ ਜੀ, ਫਰਾਂਸ ਤੋਂ ਬੀਬੀ ਕੁਲਵੰਤ ਕੌਰ ਚੰਨ ਆਪਣੇ ਪਤੀ ਸ੍ਰ: ਰਣਜੀਤ ਸਿੰਘ ਚੰਨ ਅਤੇ ਸਪੁੱਤਰ ਸ੍ਰ: ਹਸਪਿੰਦਰਜੀਤ ਸਿੰਘ ਹੋਰਾ ਦੇ ਨਾਲ਼ ਆਏ ਹੋਏ ਸਨ ਅਤੇ ਪੰਜਾਬ ਰੇਡੀਓ ਲੰਡਨ ਦੇ ਸ੍ਰਪ੍ਰਸਤ ਸ੍ਰ: ਸੁਰਜੀਤ ਸਿੰਘ ਘੁੰਮਣ ਜੀ ਹੋਰੀਂ ਵੀ ਮੌਕੇ ਦੀ ਰੌਣਕ ਨੂੰ ਵਧਾਉਣ ਲਈ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ਇਹ ਕਵੀ ਦਰਬਾਰ ਪੰਜਾਬ ਰੇਡੀਓ ਲੰਡਨ ਤੋਂ ਤਿੰਨ ਵਜੇ ਤੋਂ ਛੇ ਵਜੇ ਤੱਕ ਸਿੱਧਾ ਪ੍ਰਸਾਰਿਤ ਕੀਤਾ ਗਿਆ।

-----

ਸ਼ੁਰੂਆਤ ਵਿੱਚ ਜਨਰਲ ਸਕੱਤਰ ਸ੍ਰ: ਰਘਵੀਰ ਸਿੰਘ ਪਾਲ ਹੋਰਾਂ ਨੇ ਹਾਜਰੀਨ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ ਅਤੇ ਬੀਬੀ ਨਰਿੰਦਰ ਕੌਰ ਸੁੰਮਨ ਹੋਰਾਂ ਦੀ ਯਾਦ ਵਿੱਚ ਸਾਰਿਆਂ ਨੇ ਇੱਕ ਮਿੰਟ ਲਈ ਮੋਨ ਧਾਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਅਰਪਨ ਕੀਤੀ ਗਈ । ਉਪਰੰਤ ਬੀਕਾਸ ਸੰਸਥਾ ਦੇ ਪ੍ਰਧਾਨ ਸ੍ਰ: ਤਰਲੋਚਨ ਸਿੰਘ ਦੁੱਗਲ ਹੋਰਾਂ ਨੇ ਸੰਸਥਾ ਦੇ ਮੁੱਖ ਉਦੇਸ਼ ਅਤੇ ਕਾਰਗੁਜ਼ਾਰੀਆਂ ਵਾਰੇ ਚਾਨਣਾ ਪਾਇਆ । ਕਵੀ ਦਰਬਾਰ ਦੀ ਵਿਸ਼ੇਸ਼ਤਾ ਬਾਰੇ ਦੱਸਦਿਆਂ ਕਿਹਾ ਇਸ ਮੌਕੇ ਕਸ਼ਮੀਰ ਸਿੰਘ ਘੁੰਮਣ ਹੋਰਾਂ ਦੀ ਕਾਵਿ ਪੁਸਤਕ “ਘੁੰਮਣ ਘੇਰੀਆਂ” ਰਿਲੀਜ਼ ਕੀਤੀ ਜਾਵੇਗੀ । ਇਸ ਤੋਂ ਇਲਾਵਾ ਉਹਨਾਂ ਪੰਜਾਬੀ ਮਾਂ ਬੋਲੀ ਪੰਜਾਬੀ ਵਿਰਸੇ ਤੋਂ ਬੱਚਿਆਂ ਨੂੰ ਜਾਣੂੰ ਕਰਾਉਣ ਉੱਤੇ ਜ਼ੋਰ ਦਿੱਤਾ । ਉਹਨਾਂ ਦੇ ਬਰਖ਼ੁਰਦਾਰ ਜਸਜੀਤ ਸਿੰਘ ਜੋ ਬੀਕਾਸ ਸੰਸਥਾ ਦੀ ਮਦਦ ਨਾਲ ਲੀਡਜ਼ ਯੂਨੀਵਰਸਟੀ ਵਿੱਚੋਂ ਪੀ. ਐਚ. ਡੀ. ਕਰ ਰਿਹਾ ਹੈ, ਜਿਸਦਾ ਵਿਸ਼ਾ ਇੰਗਲੈਂਡ ਦੇ ਜੰਮਪਲ਼ ਨੌਜੁਆਨ ਸਿੱਖ ਬੱਚੇ ਆਪਣੇ ਧਰਮ ਅਤੇ ਵਿਰਸੇ ਬਾਰੇ ਕਿਥੋਂ ਅਤੇ ਕਿਵੇਂ ਜਾਣਕਾਰੀ ਪ੍ਰਾਪਤ ਕਰਦੇ ਹਨ, ਦੀ ਖੋਜ ਕਰਨਾ ਹੈ । ਸ੍ਰ: ਮੋਤਾ ਸਿੰਘ ਜੀ ਸਰਾਏ ਪੰਜਾਬੀ ਸੱਥ ਵਲੋਂ ਛਪਾਈਆਂ ਗਈਆਂ ਬਹੁਤ ਸਾਰੀਆਂ ਕਿਤਾਬਾਂ ਅਤੇ ਕੈਲੰਡਰ ਨਾਲ਼ ਲੈ ਕੇ ਆਏ ਸਨ ਜੋ ਵੀ ਕਿਤਾਬਾਂ ਤੋਂ ਉਸ ਦਿਨ ਆਮਦਨ ਹੋਈ ਉਹਨਾਂ ਨੇ ਉਹ ਮਾਇਆ ਬੀਕਾਸ ਸੰਸਥਾ ਨੂੰ ਭੇਟ ਕਰ ਦਿੱਤੀ । ਇਸੇ ਤਰ੍ਹਾਂ ਜੋ ਵੀ ਸ੍ਰ: ਕਸ਼ਮੀਰ ਸਿੰਘ ਘੁੰਮਣ ਹੋਰਾਂ ਦੀ ਕਿਤਾਬ “ਘੁੰਮਣ ਘੇਰੀਆਂ” ਦੀ ਆਮਦਨ ਹੋਈ ਉਹ ਵੀ ਬੀਕਾਸ ਸੰਸਥਾ ਨੂੰ ਯੂਨੀਵਰਸਟੀ ਦੇ ਖ਼ਰਚਿਆਂ ਲਈ ਭੇਟ ਕੀਤੀ ਗਈ । ਪ੍ਰਧਾਨ ਸਾਹਿਬ ਨੇ ਲੀਡਜ਼ ਯੂਨੀਵਰਸਟੀ ਵਿੱਚ ਪੰਜਾਬੀ ਲਿਟਰੇਚਰ ਦੀ ਚੇਅਰ ਸਥਾਪਤ ਕਰਨ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ ।

-----

ਇਸ ਤੋਂ ਉਪਰੰਤ ਬੱਚਿਆਂ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਸਟੇਜ ਦੀ ਕਾਰਵਾਈ ਨੌਜੁਆਨ ਬਰਖ਼ੁਰਦਾਰ ਕਾਕਾ ਭੁਪਿੰਦਰ ਸਿੰਘ ਸੇਖੋਂ ਨੂੰ ਸੌਂਪੀ ਗਈ, ਜਿਸ ਨੇ ਸਟੇਜ ਦੀ ਕਾਰਵਾਈ ਬਹੁਤ ਹੀ ਅੱਛੇ ਢੰਗ ਨਾਲ਼ ਨਿਭਾਈ। ਇਸ ਕਵੀ ਦਰਬਾਰ ਵਿੱਚ ਜਿਹਨਾਂ ਬੱਚਿਆਂ ਨੇ ਭਾਗ ਲਿਆ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ, ਅਰਜਨ ਸਿੰਘ ਭੁੱਲਰ, ਸਤਕਿਰਨ ਕੌਰ, ਸੁਖਬਿੰਦਰ ਕੌਰ, ਅੰਗਦ ਸਿੰਘ, ਜਸਮੀਨ ਕੌਰ ਮਾਣਕ ਅਤੇ ਜਸਮੀਨ ਕੌਰ ਛੋਕਰ । ਦੂਰੋਂ ਨੇੜਿਓਂ ਆਏ ਹੋਏ ਸਰੋਤਿਆਂ ਨੇ ਬੱਚਿਆਂ ਵਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਬਹੁਤ ਹੀ ਸ਼ਲਾਘਾ ਕੀਤੀ । ਬੱਚਿਆਂ ਨੂੰ ਬੀਬੀ ਕੁਲਵੰਤ ਕੌਰ ਚੰਨ ਦੁਆਰਾ ਇਨਾਮ ਦਿੱਤੇ ਗਏ ਉਪਰੰਤ ਕੁਲਵੰਤ ਕੌਰ ਨੇ ਇਸ ਕਵੀ ਦਰਬਾਰ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਬੱਚਿਆਂ ਨੇ ਜੋ ਕਵਿਤਾਵਾਂ ਪੜ੍ਹ ਕੇ ਸੁਣਾਈਆਂ ਬਹੁਤ ਹੀ ਕਾਬਿਲੇ ਤਾਰੀਫ਼ ਸਨ । ਉਹਨਾਂ ਕਿਹਾ ਕਿ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਬੱਚੇ ਕਵਿਤਾਵਾਂ ਪੰਜਾਬੀ ਲਿੱਪੀ ਵਿੱਚ ਲਿਖੀਆਂ ਹੋਈਆਂ ਪੜ੍ਹ ਰਹੇ ਸਨ । ਉਹਨੀਂ ਬੀਕਾਸ ਸੰਸਥਾ ਦੀ ਸ਼ਲਾਘਾ ਕੀਤੀ ਕਿ ਇਹਨਾ ਨੇ ਬੱਚਿਆਂ ਦਾ ਕਵੀ ਦਰਬਾਰ ਉਲੀਕਿਆ, ਬੱਚਿਆਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਦੀ ਵੀ ਪ੍ਰਸ਼ੰਸਾ ਕੀਤੀ । ਇਸ ਮੌਕੇ ਹਾਲ ਸਰੋਤਿਆਂ ਨਾਲ਼ ਬਿਲਕੁਲ ਭਰਿਆ ਹੋਇਆ ਸੀ ਅਤੇ ਸਾਰੇ ਹੀ ਚੁੱਪ ਚਾਪ ਕਵੀਆਂ ਦੀਆਂ ਰਚਨਾਵਾਂ ਬੜੇ ਗੌਹ ਨਾਲ਼ ਸੁਣ ਰਹੇ ਸਨ ।

-----

ਇਸ ਤੋਂ ਬਾਅਦ ਸਟੇਜ ਦੀ ਕਾਰਵਾਈ ਸ੍ਰ: ਬਲਬੀਰ ਸਿੰਘ ਅਟਵਾਲ ਹੋਰਾਂ ਨੂੰ ਸੌਂਪੀ ਗਈ ਜਿਹਨਾਂ ਨੇ ਪ੍ਰੋਗਰਾਮ ਦੀ ਅਰੰਭਤਾ ਸਾਊਥਾਲ ਤੋਂ ਆਏ ਉੱਚ ਕੋਟੀ ਦੇ ਸ਼ਾਇਰ ਅਜ਼ੀਮ ਸ਼ੇਖਰ ਹੋਰਾਂ ਦੀਆਂ ਦੋ ਪਿਆਰੀਆਂ ਨਜ਼ਮਾਂ ਨਾਲ਼ ਕੀਤੀ । ਇਕ ਕਵਿੱਤਾ ਜੋ ਅਜ਼ੀਮ ਹੋਰਾਂ ਨੇ ਧੀਆਂ ਬਾਰੇ ਪੜ੍ਹੀ ਉਸ ਸਮੇਂ ਸਰੋਤਿਆਂ ਦੀਆਂ ਅੱਖਾਂ ਸੇਜਲ਼ ਹੋ ਗਈਆਂ। ਇਸ ਤੋਂ ਬਾਅਦ ਸਾਊਥਾਲ ਤੋਂ ਹੀ ਆਏ ਰਜਿੰਦਰਜੀਤ ਜੀ ਨੇ ਬੇਹਤਰੀਨ ਅੰਦਾਜ਼ ਵਿੱਚ ਆਪਣੀਆਂ ਦੋ ਰਚਨਾਵਾਂ ਪੇਸ਼ ਕੀਤੀਆਂ । ਸੰਦਰਲੈਂਡ ਤੋਂ ਆਏ ਮਨਜੀਤ ਸਿੰਘ ਚੀਮਾ ਜੀ ਨੇ ਕਸ਼ਮੀਰ ਸਿੰਘ ਘੁੰਮਣ ਹੋਰਾਂ ਦੀ ਰਿਲੀਜ਼ ਹੋਣ ਵਾਲ਼ੀ ਕਿਤਾਬ ਵਾਰੇ ਲਿਖੀ ਕਵਿਤਾ ਸਰੋਤਿਆਂ ਨਾਲ਼ ਸਾਂਝੀ ਕੀਤੀ ਅਤੇ ਵਿਅੰਗਮਈ ਅੰਦਾਜ਼ ਵਿੱਚ ਇਕ ਹੋਰ ਕਵਿਤਾ ਪੜ੍ਹੀ । ਜਿਵੇਂ ਕਿ ਹਰ ਸਾਲ ਬੀਕਾਸ ਵਲੋਂ ਨਵੇਂ ਚਾਰ ਕਵੀਆਂ ਨੂੰ ਸਨਮਾਨਿਤ ਕਰਨ ਲਈ ਚੁਣਿਆ ਜਾਂਦਾ ਹੈ, ਇਸ ਸਾਲ ਅਜ਼ੀਮ ਸ਼ੇਖਰ, ਰਜਿੰਦਰ ਜੀਤ, ਮਨਜੀਤ ਸਿੰਘ ਚੀਮਾ ਅਤੇ ਨਰਿੰਦਰ ਕੌਰ ਸੁੰਮਨ ਹੋਰਾਂ ਨੂੰ ਚੁਣਿਆ ਗਿਆ ਸੀ । ਫਰਾਂਸ ਤੋਂ ਬੀਕਾਸ ਵਲੋਂ ਸਪੈਸ਼ਲ ਸੱਦੇ ਉੱਪਰ ਆਈ ਹੋਈ ਬੀਬੀ ਕੁਲਵੰਤ ਕੌਰ ਚੰਨ ਨੇ ਆਪਣੀ ਸੁਰੀਲੀ ਆਵਾਜ਼ ਨਾਲ਼ ਸਰੋਤਿਆਂ ਨੂੰ ਕੀਲੀ ਰੱਖਿਆ ।ਇਸੇ ਤਰ੍ਹਾਂ ਇਕ ਤੋਂ ਇਕ ਚੜ੍ਹਦੇ ਕਵੀਆਂ ਨੇ ਸ਼ਿਰਕਤ ਕੀਤੀ ਅਤੇ ਕਵੀ ਦਰਬਾਰ ਵਿੱਚ ਭਾਗ ਲਿਆ ਜਿਹਨਾਂ ਵਿੱਚ ਸ੍ਰ: ਹਰਜਿੰਦਰ ਸਿੰਘ ਸੰਧੂ, ਸ੍ਰ: ਨਿਰਮਲ ਸਿੰਘ ਕੰਧਾਲ਼ਵੀ, ਸ੍ਰ: ਤੇਜਾ ਸਿੰਘ ਤੇਜ ਕੋਟਲੇਵਾਲ਼ਾ, ਸ੍ਰ: ਮਹਿੰਦਰ ਸਿੰਘ ਦਿਲਬਰ, ਪ੍ਰੋਫੈਸਰ ਹਰਜੀਤ ਸਿੰਘ ਅਸ਼ਕ, ਸ੍ਰ: ਤਾਰਾ ਸਿੰਘ ਤਾਰਾ ਆਧੀਵਾਲ਼ਾ, ਬੀਬੀ ਰਜਿੰਦਰ ਕੌਰ ਪ੍ਰਜ਼ੈਂਟਰ ਪੰਜਾਬ ਰੇਡੀਓ, ਬੀਬੀ ਕੁਲਵੰਤ ਕੌਰ ਢਿਲੋਂ ਲੰਡਨ ਤੋਂ ਅਤੇ ਬੀਬੀ ਮਹਿੰਦਰ ਕੌਰ ਮਿੱਡਾ ਕੌਂਸਲਰ ਸਾਊਥਾਲ ਨੇ ਕਵਿਤਾਵਾਂ ਦੁਆਰਾ ਹਾਜਰੀ ਭਰੀ । ਬੀਬੀ ਦਲਵੀਰ ਕੌਰ ਵੁਲਵਰਹੈਮਪਟਨ ਵੀ ਸਰੋਤਿਆਂ ਵਿੱਚ ਹਾਜ਼ਰ ਸਨ। ਸ੍ਰ: ਕਸ਼ਮੀਰ ਸਿੰਘ ਹੋਰਾਂ ਦੀ ਕਿਤਾਬ ਦਾ ਉਦਘਾਟਨ ਕਰਨ ਤੋਂ ਪਹਿਲਾਂ ਸ੍ਰ: ਮੋਤਾ ਸਿੰਘ ਸਰਾਏ ਹੋਰਾਂ ਨੇ ਆਪਣੇ ਵਿਚਾਰ ਸਰੋਤਿਆਂ ਨਾਲ਼ ਸਾਂਝੇ ਕੀਤੇ ਅਤੇ ਉਹਨੀਂ ਕਾਵਿ ਰਚਨਾ ਦੀ ਪ੍ਰਮੁੱਖਤਾ ਵਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਹੋਰਾਂ ਦੀ ਇਲਾਹੀ ਬਾਣੀ ਦੀ ਪ੍ਰੋੜਤਾ ਕੀਤੀ ਕਿ ਗੁਰੂ ਸਾਹਿਬਾਨ ਨੇ ਬਾਣੀ ਦੁਆਰਾ ਲੋਕਾਂ ਦੀ ਮਾਨਸਿਕ ਪੀੜਾ ਨੂੰ ਨਵਿਰਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸਦੇ ਵਿਪਰੀਤ ਰੂਪ ਵਿੱਚ ਉਹਨਾਂ ਵਾਸਕੋਡੀਗਾਮਾ ਅਤੇ ਯੁਨਾਨ ਦੇ ਰਾਜੇ ਸਿਕੰਦਰ ਅਤੇ ਪੋਰਸ ਦੀ ਮਿਸਾਲ ਦਿੱਤੀ ।ਇਸਤੋਂ ਉਪਰੰਤ ਉਹਨੀਂ “ਘੁੰਮਣ ਘੇਰੀਆਂ” ਕਿਤਾਬ ਦੀਆਂ ਰਚਨਾਵਾਂ ਵਾਰੇ ਸ਼ਲਾਘਾ ਕੀਤੀ । ਫਿਰ ਉਹ ਸਮਾਂ ਆਇਆ ਜਦੋਂ ਕਿ ਸ੍ਰ: ਕਸ਼ਮੀਰ ਸਿੰਘ ਘੁੰਮਣ ਹੋਰਾਂ ਦੀ ਕਿਤਾਬ “ਘੁੰਮਣ ਘੇਰੀਆਂ” ਦਾ ਉਦਘਾਟਨ ਕੀਤਾ ਗਿਆ ।ਇਸ ਉਚੇਚੇ ਮੌਕੇ ਤੇ ਸ੍ਰ: ਕਸ਼ਮੀਰ ਸਿੰਘ ਘੁੰਮਣ ਨੇ ਆਪਣੀ ਹਾਸ–ਰਸ ਭਰਪੂਰ ਕਵਿਤਾ “ਘੁਰਾੜੇ” ਸੋਰਤਿਆਂ ਨਾਲ਼ ਸਾਂਝੀ ਕਰਕੇ ਹਾਲ ਵਿਚ ਹਾਸਿਆਂ ਦਾ ਹੜ੍ਹ ਲਿਆ ਦਿੱਤਾ ।

-----

ਇਸ ਤੋਂ ਉਪਰੰਤ ਬੀਕਾਸ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਚੁਣੇ ਗਏ ਕਵੀਆਂ ਦਾ ਅਤੇ ਆਏ ਹੋਏ ਖ਼ਾਸ ਮਹਿਮਾਨ ਸ੍ਰ: ਮੋਤਾ ਸਿੰਘ ਸਰਾਏ, ਬੀਬੀ ਕੁਲਵੰਤ ਕੌਰ ਚੰਨ, ਸ੍ਰ: ਸੁਰਜੀਤ ਸਿੰਘ ਘੁੰਮਣ ਹੋਰਾਂ ਨੂੰ ਬੀਕਾਸ ਕਮੇਟੀ ਦੇ ਮੈਂਬਰਾਂ ਵਲੋਂ ਟਰਾਫੀਆਂ ਅਤੇ ਦੁਸ਼ਾਲਿਆਂ ਨਾਲ਼ ਸਨਮਾਨਿਤ ਕੀਤਾ ਗਿਆ । ਸ੍ਰ: ਕਸ਼ਮੀਰ ਸਿੰਘ ਘੁੰਮਣ ਅਤੇ ਬੀਬੀ ਪਰਮਜੀਤ ਕੌਰ ਘੁੰਮਣ ਨੂੰ ਵੀ ਕਾਵਿ ਪੁਸਤਕ ਦੇ ਉਦਘਾਟਨ ਸਮੇਂ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਮੀਤ ਪ੍ਰਧਾਨ ਸ੍ਰ: ਸੁਖਦੇਵ ਸਿੰਘ ਹੋਰਾਂ ਨੇ ਆਏ ਹੋਏ ਮਹਿਮਾਨਾਂ ਦਾ, ਕਵੀਆਂ ਦਾ, ਅਤੇ ਖਾਸ ਤੌਰ ਤੇ ਸ੍ਰ: ਹਰਦਿਆਲ ਸਿੰਘ ਮੇਹਟ, ਸ੍ਰ: ਰਛਪਾਲ ਸਿੰਘ ਉੱਪਲ਼, ਸ਼੍ਰੀਮਤੀ ਅੰਜੂ ਸ਼ਰਮਾ ਜਰਮਨੀ, ਸ੍ਰ: ਜੋਗਾ ਸਿੰਘ ਨਿਰਵਾਣ, ਜਿਹਨਾਂ ਨੇ ਬੀਕਾਸ ਨੂੰ ਮਾਇਕ ਤੌਰ ਤੇ ਸਹਿਯੋਗ ਦਿੱਤਾ ਉਹਨਾਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ ।ਇਸ ਤੋਂ ਇਲਾਵਾ ਪੰਜਾਬ ਰੇਡੀਓ ਲੰਡਨ, ਸੌਨਿਕ ਸਾਉਂਡ ਸਿਸਟਮ, ਆਪਣਾ ਖਾਣਾ ਦੇ ਮਾਲਕ ਸੁਭਾਸ ਕੌਸ਼ਲ ਜੀ, ਵਿਸ਼ ਵੀਡੀਓ, ਵੈਨਟਨਰ ਹਾਲ ਦੀ ਕਮੇਟੀ ਅਤੇ ਬਰੈਡਫੋਰਡ ਦੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ । ਇਸਦੇ ਨਾਲ਼ ਹੀ ਦੇਸ ਪ੍ਰਦੇਸ, ਪੰਜਾਬ ਟਾਈਮਜ਼, ਅਜੀਤ ਜਲੰਧਰ, ਮੀਡੀਆ ਪੰਜਾਬ ਜਰਮਨੀ, ਪੰਜਾਬੀ ਆਰਸੀ ਅਤੇ ਸਿੱਖ ਟਾਈਮਜ਼ ਦਾ ਵੀ ਧੰਨਵਾਦ ਕੀਤਾ ਜੋ ਸਮੇਂ ਸਮੇਂ ਬੀਕਾਸ ਸੰਸਥਾ ਨੂੰ ਸਹਿਯੋਗ ਦਿੰਦੇ ਹਨ । ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ “ਆਪਣਾ ਖਾਣਾ” ਕੇਟਰਿੰਗ ਵਾਲ਼ਿਆਂ ਦੇ ਸੁਆਦੀ ਭੋਜਨ ਦਾ ਸਾਰਿਆਂ ਨੇ ਅਨੰਦ ਮਾਣਿਆ । ਬੀਕਾਸ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਸਹਿਯੋਗੀ ਸੱਜਣਾਂ ਦਾ ਦਾਸ ਤਹਿ ਦਿਲੋਂ ਧੰਨਵਾਦੀ ਹੈ।

*****

ਬਰੈਡਫੋਰਡ ਯੂ.ਕੇ. ਵਿਖੇ ਕਰਵਾਏ ਗਏ ਕਵੀ ਦਰਬਾਰ ਦੀਆਂ ਬਾਕੀ ਤਸਵੀਰਾਂ ਵੇਖਣ ਲਈ ਹੇਠਲੀ ਪੋਸਟ ਦੇਖੋ ਜੀ।



ਬਰੈਡਫੋਰਡ ਯੂ.ਕੇ. ਵਿਖੇ ਕਰਵਾਏ ਗਏ ਕਵੀ ਦਰਬਾਰ ਦੀਆਂ ਕੁਝ ਹੋਰ ਤਸਵੀਰਾਂ





























Thursday, May 27, 2010

ਅਮਰਜੀਤ ਢਿੱਲੋਂ ਦਾ ਕਾਵਿ-ਵਿਅੰਗ “ਲਫ਼ਜ਼ਾਂ ਦੇ ਤੀਰ” ਪ੍ਰੋ. ਗੁਰਦਿਆਲ ਸਿੰਘ ਦੁਆਰਾ ਰਿਲੀਜ਼ - ਰਿਪੋਰਟ

ਅਮਰਜੀਤ ਢਿੱਲੋਂ ਦਾ ਕਾਵਿ-ਵਿਅੰਗ “ਲਫ਼ਜ਼ਾਂ ਦੇ ਤੀਰ” ਪ੍ਰੋ. ਗੁਰਦਿਆਲ ਸਿੰਘ ਦੁਆਰਾ ਰਿਲੀਜ਼

ਰਿਪੋਰਟ: ਹਰਦਮ ਸਿੰਘ ਮਾਨ

-----

ਗਿਆਨਪੀਠ ਐਵਾਰਡੀ, ਪਦਮ ਸ਼੍ਰੀ ਪ੍ਰੋ. ਗੁਰਦਿਆਲ ਸਿੰਘ ਦੀ ਰਿਹਾਇਸ਼ 'ਤੇ ਚੋਣਵੇਂ ਲੇਖਕਾਂ ਅਤੇ ਚਿੰਤਕਾਂ ਦੀ ਮੌਜੂਦਗੀ ਵਿਚ ਇਲਾਕੇ ਦੇ ਲੇਖਕ ਅਮਰਜੀਤ ਢਿੱਲੋਂ ਦੀ ਸੱਤਵੀਂ ਕਿਤਾਬ “ਲਫ਼ਜ਼ਾਂ ਦੇ ਤੀਰ” (ਕਾਵਿ-ਵਿਅੰਗ) ਪ੍ਰੋ. ਗੁਰਦਿਆਲ ਸਿੰਘ ਦੁਆਰਾ ਰਿਲੀਜ਼ ਕੀਤੀ ਗਈ। ਇਸ ਮੌਕੇ ਬੋਲਦਿਆਂ ਪ੍ਰੋ. ਗੁਰਦਿਆਲ ਸਿੰਘ ਨੇ ਕਿਹਾ ਕਿ ਸਾਹਿਤ ਹੀ ਜ਼ਿੰਦਗੀ ਦਾ ਸੱਚਾ ਮਾਰਗ ਦਰਸ਼ਕ ਹੈ। ਕਿਤਾਬ ਤੋਂ ਵੱਡਾ ਮਨੁੱਖ ਦਾ ਕੋਈ ਵੀ ਦੋਸਤ ਨਹੀਂ ਹੋ ਸਕਦਾ। ਉਨ੍ਹਾਂ ਇੱਕ ਲੇਖਕ ਦੀ ਟੂਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿਆਸਤਦਾਨ ਚੋਣ ਲੜਣ ਲਈ ਅਮੀਰਾਂ ਤੋਂ ਪੈਸਾ ਲੈਂਦੇ ਹਨ, ਇਸ ਪੈਸੇ ਰਾਹੀਂ ਗ਼ਰੀਬਾਂ ਤੋਂ ਵੋਟਾਂ ਲੈਂਦੇ ਹਨ ਅਤੇ ਦੋਵਾਂ ਨੂੰ ਹੀ ਇੱਕ ਦੂਜੇ ਤੋਂ ਬਚਾਉਣ ਦਾ ਭਰੋਸਾ ਦਿਵਾਉਂਦੇ ਹਨ। ਇਸ ਕਾਵਿ-ਸੰਗ੍ਰਹਿ ਲਈ ਅਮਰਜੀਤ ਢਿੱਲੋਂ ਨੂੰ ਮੁਬਾਰਕਬਾਦ ਦਿੰਦਿਆਂ ਪ੍ਰੋ. ਗੁਰਦਿਆਲ ਸਿੰਘ ਨੇ ਕਿਹਾ ਕਿ ਅਮਰਜੀਤ ਢਿੱਲੋਂ ਚੰਗਾ ਸ਼ਾਇਰ ਹੈ ਅਤੇ ਖ਼ਾਸ ਕਰਕੇ ਕਾਵਿ ਵਿਅੰਗ ਵਿਚ ਉਸ ਦੀ ਵਿਸ਼ੇਸ਼ ਮੁਹਾਰਤ ਹੈ।

-----

ਇਸ ਮੌਕੇ ਅਮਰਜੀਤ ਢਿੱਲੋਂ ਨੇ ਆਪਣੀ ਕਿਤਾਬ 'ਚੋਂ 'ਕੰਮ ਕਰਨ ਦਾ ਨਾਂ ਹੀ ਜ਼ਿੰਦਗੀ ਹੈ, ਵਿਹਲੜ ਲੋਕ ਵਿਹਾਜਦੇ ਕਜਾ ਯਾਰੋ, ਘਰ ਵਿੱਚ ਉਦਾਸ ਬਹਿ ਰਹਿਣ ਨਾਲੋਂ, ਬਿਹਤਰ ਮੌਸਮਾਂ ਦੀ ਹੈ ਸਜ਼ਾ ਯਾਰੋ।' ਅਤੇ ਕੁਝ ਹੋਰ ਰਚਨਾਵਾਂ ਵੀ ਸੁਣਾਈਆਂ। ਉੱਘੇ ਚਿੰਤਕ ਵਾਸਦੇਵ ਸ਼ਰਮਾ ਬਾਜਾਖਾਨਾ, ਪ੍ਰਿੰ. ਉਪਿੰਦਰ ਸ਼ਰਮਾ ਤੇ ਗੁਰਸਾਹਿਬ ਸਿੰਘ ਬਰਾੜ ਐਡਵੋਕੇਟ ਨੇ ਕਿਹਾ ਕਿ ਸ੍ਰੀ ਢਿੱਲੋਂ ਦੇ ਕਾਵਿ ਵਿਅੰਗਾਂ ਵਿਚਲੀ ਠੇਠ ਪੰਜਾਬੀ ਸ਼ਬਦਾਵਲੀ, ਮੁਹਾਵਰੇ ਅਤੇ ਲਕੋਕਤੀਆਂ ਪੰਜਾਬੀ ਦੇ ਆਮ ਪਾਠਕਾਂ ਨੂੰ ਹਲੂਣਦੀਆਂ ਹਨ ਅਤੇ ਇਨ੍ਹਾਂ ਕਾਵਿ-ਵਿਅੰਗਾਂ ਦੀ ਇਹ ਪ੍ਰਾਪਤੀ ਵੀ ਹਨ। ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ, ਕਾਲਮ ਨਵੀਸ ਹਰਮੇਲ ਪਰੀਤ ਅਤੇ ਬੈਂਕ ਮੈਨੇਜਰ ਗੁਰਜੰਟ ਸਿੰਘ ਪੁੰਨੀ ਨੇ ਕਿਹਾ ਕਿ ਅਮਰਜੀਤ ਢਿੱਲੋਂ ਸਮਾਜ ਦੇ ਨਿਖੱਟੂਆਂ, ਸਾਧਾਂ, ਸਿਆਸਤਦਾਨਾਂ, ਵਿਹਲੜਾਂ, ਜੋਤਸ਼ੀਆਂ ਅਤੇ ਪਿੱਛਲੱਗ ਵਰਗਾਂ ਦੇ ਲੋਕਾਂ ਉਪਰ ਆਪਣੇ ਕਾਵਿ ਵਿਅੰਗਾਂ ਦੇ ਤੀਰਾਂ ਰਾਹੀਂ ਕਰਾਰੀ ਚੋਟ ਕਰਦਾ ਹੈ ਅਤੇ ਉਹ ਵਿਗਿਆਨਕ, ਉਸਾਰੂ ਅਤੇ ਅਗਾਂਹਵਧੂ ਸੋਚ ਅਪਣਾ ਕੇ ਇਸ ਸਮਾਜ ਲਈ ਕੁਝ ਬਿਹਤਰ ਕਰਨ ਲਈ ਪਾਠਕਾਂ ਨੂੰ ਪ੍ਰੇਰਦਾ ਹੈ। ਇਸ ਮੌਕੇ ਹਰਬੰਸ ਸਿੰਘ ਖੇਤੂ ਵੀ ਮੌਜੂਦ ਸਨ।


Tuesday, May 18, 2010

ਸੁਪ੍ਰਸਿੱਧ ਲੇਖਕ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀਆਂ ਦੋ ਕਿਤਾਬਾਂ ਸਰੀ ਵਿਚ ਰਿਲੀਜ਼ - ਰਿਪੋਰਟ

ਸੁਪ੍ਰਸਿੱਧ ਲੇਖਕ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀਆਂ ਦੋ ਕਿਤਾਬਾਂ ਸਰੀ ਵਿਚ ਰਿਲੀਜ਼

ਰਿਪੋਰਟ: ਆਰਸੀ

ਅੱਜ ਐਬਸਫੋਰਡ, ਬੀ.ਸੀ. ਕੈਨੇਡਾ ਵਸਦੇ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਨੂੰ ਸਮਰਪਿਤ, ਪਿੰਗਲ ਦੀ ਅਥਾਹ ਜਾਣਕਾਰੀ ਰੱਖਣ ਵਾਲ਼ੇ ਸੁਪ੍ਰਸਿੱਧ ਲੇਖਕ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀਆਂ ਦੋ ਕਿਤਾਬਾਂ ‘ਜੋਤਿ ਓਹਾ ਜੁਗਤਿ ਸਾਇ ’ ਅਤੇ ‘ਵਾਰਾਂ ਵਿਚ ਇਤਿਹਾਸ ’ ਅੱਜ ਸਰੀ ਦੇ ਤਾਜ ਬੈਂਕੁਇਟ ਹਾਲ ਵਿਚ ਭਰਵੇਂ ਅਤੇ ਸ਼ਾਨਦਾਰ ਸਮਾਗਮ ‘ਚ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਰਿਲੀਜ਼ ਕੀਤੀਆਂ। ਗੁਰ ਅੰਜਨ ਅਕੈਡਮੀ ਵੱਲੋਂ ਆਯੋਜਿਤ ਇਹ ਸਮਾਗਮ ਬਾਅਦ ਦੁਪਹਿਰ ਦੋ ਵਜੇ ਤੋਂ ਪੰਜ ਵਜੇ ਤੀਕ ਚੱਲਿਆ, ਜਿਸ ਵਿਚ ਪੰਥ ਦੇ ਵਿਦਵਾਨਾਂ, ਲੇਖਕਾਂ, ਪ੍ਰਚਾਰਕਾਂ ਨੇ ਸ਼ਿਰਕਤ ਕੀਤੀ। ਪਹੁੰਚੇ ਵਿਦਵਾਨਾਂ ਨੇ ਗਿਆਨੀ ਜੀ ਦੀ ਜ਼ਿੰਦਗੀ ਅਤੇ ਨਵ-ਪ੍ਰਕਾਸ਼ਿਤ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ। ਕਿਤਾਬ ਰਿਲੀਜ਼ ਸਮਾਗਮ ਤੋਂ ਉਪਰੰਤ ਗੁਰ ਅੰਜਨ ਅਕੈਡਮੀ ਦੇ ਬੱਚਿਆਂ ਨੇ ਗਿਆਨੀ ਜੀ ਦੀਆਂ ਢਾਡੀ ਵਾਰਾਂ ਗਾ ਕੇ ਸਭ ਦਾ ਮਨ ਮੋਹ ਲਿਆ।

----

ਅੱਜ ਮੈਨੂੰ ਵੀ ਗਿਆਨੀ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਡੈਡੀ ਜੀ ਬਾਦਲ ਸਾਹਿਬ, ਨਿਰਦੋਸ਼ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਹਨ ਤੇ ਅਕਸਰ ਉਹਨਾਂ ਦੀਆਂ ਲਿਖਤਾਂ ਦਾ ਜ਼ਿਕਰ ਮੇਰੇ ਕੋਲ਼ ਕਰਦੇ ਰਹਿੰਦੇ ਹਨ। ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਇਹਨਾਂ ਕਿਤਾਬਾਂ ਦੇ ਰਿਲੀਜ਼ ਹੋਣ ‘ਤੇ ਲੱਖ-ਲੱਖ ਮੁਬਾਰਕਬਾਦ ਪੇਸ਼ ਕਰਦੀ ਹਾਂ। ਨਿਰਦੋਸ਼ ਸਾਹਿਬ ਨੇ ਆਪਣੀਆਂ ਚਾਰ ਕਿਤਾਬਾਂ ਵੀ ਆਰਸੀ ਲਈ ਦਿੱਤੀਆਂ ਹਨ, ਜਲਦੀ ਹੀ ਉਹਨਾਂ ਦੀਆਂ ਲਿਖਤਾਂ ਵੀ ਆਰਸੀ 'ਤੇ ਸਾਂਝੀਆਂ ਕਰਾਂਗੇ। ਜਿਉਂ ਹੀ ਸਮਾਗਮ ਦੀਆਂ ਫ਼ੋਟੋਆਂ ਪ੍ਰਾਪਤ ਹੋਈਆਂ, ਪੋਸਟ ਕਰ ਦਿੱਤੀਆਂ ਜਾਣਗੀਆਂ। ਇਹ ਦੋਵੇਂ ਕਿਤਾਬਾਂ ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

Monday, May 17, 2010

ਸੁਰਜੀਤ ਸਾਜਨ ਦੇ ਗ਼ਜ਼ਲ ਸੰਗ੍ਰਹਿ ‘ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਸ਼ਾਲ ਵਿਚਾਰ ਗੋਸ਼ਟੀ ਆਯੋਜਿਤ - ਰਿਪੋਰਟ

ਫ਼ੋਟੋ: ਪ੍ਰਧਾਨਗੀ ਮੰਡਲ, ਅਮਰਜੀਤ ਸਿੰਘ ਸੰਧੂ, ਬਲਬੀਰ ਸੈਣੀ, ਨਰਿੰਦਰ ਮਾਨਵ ਅਤੇ ਹਾਜ਼ਿਰ ਲੇਖਕ

*****

ਸੁਰਜੀਤ ਸਾਜਨ ਦੇ ਗ਼ਜ਼ਲ ਸੰਗ੍ਰਹਿ ‘ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਸ਼ਾਲ ਵਿਚਾਰ ਗੋਸ਼ਟੀ ਆਯੋਜਿਤ

ਰਿਪੋਰਟ: ਰੂਪ ਦਬੁਰਜੀ (ਪ੍ਰੈਸ ਸਕੱਤਰ)

ਸਿਰਜਣਾ ਕੇਂਦਰ ਕਪੂਰਥਲਾ(ਰਜਿ)

ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਆਪਣੀਆਂ ਨਿਰੰਤਰ ਸਾਹਿਤਕ ਗਤੀਵਿਧੀਆਂ ਕਰਕੇ ਸਾਹਿਤਕ ਹਲਕਿਆਂ ਵਿਚ ਆਪਣਾ ਖ਼ਾਸ ਮੁਕਾਮ ਰੱਖਦਾ ਹੈ । ਏਸੇ ਹੀ ਲੜੀ ਨੂੰ ਅੱਗੇ ਤੋਰਦਿਆਂ, ਕੇਂਦਰ ਵਲੋਂ ਇਸ ਵਾਰ ਕੇਂਦਰ ਦੇ ਸਕੱਤਰ, ਗ਼ਜ਼ਲਗੋ ਸੁਰਜੀਤ ਸਾਜਨ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘‘ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਸ਼ਾਲ ਵਿਚਾਰ ਗੋਸ਼ਟੀ, ਵਿਰਸਾ ਵਿਹਾਹ, ਕਪੂਰਥਲਾ ਵਿਖੇ ਕਰਵਾਈ ਗਈ । ਜਿਸ ਦੀ ਪ੍ਰਧਾਨਗੀ ਸਰਵਸ੍ਰੀ ਕਰਨੈਲ ਸਿੰਘ ਨਿੱਝਰ, ਬਲਬੀਰ ਸੈਣੀ, ਜੰਗ ਬਹਾਦਰ ਸਿੰਘ ਘੁੰਮਣ, ਅਮਰਜੀਤ ਸਿੰਘ ਸੰਧੂ, ਆਰਿਫ਼ ਗੋਬਿੰਦਪੁਰੀ, ਰਜਿੰਦਰ ਪ੍ਰਦੇਸੀ, ਸੁਰਜੀਤ ਸਾਜਨ ਅਤੇ ਕੇਂਦਰ ਦੇ ਪ੍ਰਧਾਨ ਹਰਫੂਲ ਸਿੰਘ ਹੁਰਾਂ ਸਾਂਝੇ ਤੌਰ ਤੇ ਕੀਤੀ।

-----

ਮੰਚ ਸੰਚਾਲਨ ਕਰਦਿਆਂ ਕੰਵਰ ਇਕਬਾਲ ਨੇ ਪ੍ਰੋਗ੍ਰਾਮ ਦਾ ਅਗ਼ਾਜ਼ ਕਰਨ ਲਈ ਸੁਰੀਲੀ ਅਵਾਜ਼ ਦੇ ਮਾਲਕ ਰਣਜੀਤ ਸੱਭਰਵਾਲ ਨੂੰ ਮਾਇਕ ‘ਤੇ ਸੱਦਾ ਦਿੱਤਾ ।ਸ੍ਰੀ ਸੱਭਰਵਾਲ ਦੀ ਦਿਲਕਸ ਅਵਾਜ਼ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ।ਇਸ ਉਪਰੰਤ ਤੇਜਬੀਰ ਨੇ ਸੁਰਜੀਤ ਸਾਜਨ ਦੀ ਗ਼ਜ਼ਲ ਆਪਣੇ ਖ਼ਾਸ ਅੰਦਾਜ਼ ਵਿਚ ਸੁਣਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ ।ਮਸ਼ਹੂਰ ਸਾਹਿਤਕ ਗਾਇਕ ਪੰਮੀ ਹੰਸਪਾਲ ਨੇ ਸਾਜਨ ਦੀਆਂ ਦੋ ਚੋਣਵੀਆਂ ਗ਼ਜ਼ਲਾਂ ‘ਗੁਲਾਬੀ ਰੰਗ ਦੇ ਸੁਪਨੇ’ ਅਤੇ ‘ਬੇਖ਼ੁਦੀ ਦਾ ਕਹਿਰ’ ਗਾ ਕੇ ਪ੍ਰੋਗ੍ਰਾਮ ਨੂੰ ਸਿਖਰ ‘ਤੇ ਪੁਚਾ ਕੇ, ਵਾਹਵਾ ਦਾਦ ਖੱਟੀ ।

-----

ਪ੍ਰਸਿੱਧ ਗ਼ਜ਼ਲਗੋ ਅਤੇ ‘ਸੂਲ ਸੁਰਾਹੀ” ਸੰਪਾਦਕ ਜਨਾਬ ਬਲਬੀਰ ਸੈਣੀ ਨੇ ‘ਗੁਲਾਬੀ ਰੰਗ ਦੇ ਸੁਪਨੇ’ ‘ਤੇ ਵਿਦਵਤਾ-ਭਰਪੂਰ ਪਰਚਾ ਪੜ੍ਹਦਿਆਂ ਕਿਹਾ, ਸਾਜਨ ਗ਼ਜ਼ਲ ਵਿਧਾਨ ‘ਤੇ ਖਰਾ ਨਿਭਦਿਆਂ ਗ਼ਜ਼ਲ ‘ਚ ਗ਼ਜ਼ਲੀਅਤ ਭਰਨ ਵਿਚ ਕਾਮਯਾਬ ਰਿਹਾ ਹੈ।ਜਨਾਬ ਨਰਿੰਦਰ ਮਾਨਵ ਨੇ ਆਪਣੇ ਪਰਚੇ ਵਿਚ ਕਿਹਾ,ਸਾਜਨ ਸ਼ਿਅਰਾਂ ਨੂੰ ਜਾਦੂਮਈ ਬਣਾ ਕੇ ਸਹਿਜ ਨਾਲ ਆਪਣੀ ਗੱਲ ਕਹਿਣ ਵਿਚ ਸਫ਼ਲ ਰਿਹਾ । ਅਤੇ ਮਾਨਵ ਨੇ ਕਈ ਹੋਰ ਬਰੀਕ ਨੁਕਤੇ ਵੀ ੳਠਾਏ ।ਚਰਚਿਤ ਗ਼ਜ਼ਲਗੋ ਅਮਰਜੀਤ ਸੰਧੂ ਨੇ ਸਾਜਨ ਨੂੰ ਵਧਾਈ ਦਿੰਦਿਆਂ ਆਖਿਆ, ਸਾਜਨ ਨੂੰ ਗ਼ਜ਼ਲ ਪ੍ਰਤੀ ਹੋਰ ਸੁਚੇਤ ਹੋਣ ਦੀ ਲੋੜ ਹੈ । ਰਜਿੰਦਰ ਪ੍ਰਦੇਸੀ ਨੇ ਕਿਹਾ ਕਿ ਸਾਜਨ ਚੰਗੇ ਗ਼ਜ਼ਲਗੋਆਂ ਵਿਚ ਇਕ ਹੈ ।

-----

ਕੇਂਦਰੀ ਪੰਜਾਬੀ ਲੇਖਕ ਸਭਾ,ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨੇ ਕੇਂਦਰ ਦੀਆਂ ਗਤੀਵਿਧੀਆਂ ਨੂੰ ਸਲਾਹੁੰਦਿਆਂ ਕੇਂਦਰ ਨੂੰ ਇਸ ਸਾਰਥਿਕ ਗੋਸ਼ਟੀ ਲਈ ਮੁਬਾਰਕ ਦਿੱਤੀ ਤੇ ਕਿਹਾ ਕੇਂਦਰ ਨੂੰ ਗ਼ਜ਼ਲ ‘ਤੇ ਗ਼ਜ਼ਲ ਸਕੂਲ ਅਤੇ ਵਰਕਸ਼ਾਪਾਂ ਲਾਉਣੀਆਂ ਚਾਹੀਦੀਆਂ ਹਨ । ਸਰਵਸ੍ਰੀ ਜੋਸਨ ਅਦੀਬ,ਗੁਰਮੁੱਖ ਢੋਡ,ਹਰਵਿੰਦਰ ਭੰਡਾਲ,ਰੂਪ ਨਿਮਾਣਾ,ਜਨਕਪ੍ਰੀਤ,ਪ੍ਰਿ. ਪ੍ਰੀਤਮ ਸਿੰਘ ਸਰਗੋਧੀਆ, ਇੰਖਜਾਨ ਸਿੰਘ, ਨਿਰਮਲ ਭੰਡਾਲ, ਰੂਪ ਦਬੁਰਜੀ ,ਕੇਵਲ ਪਰਵਾਨਾ,ਪਰਮਜੀਤ ਸਿੰਘ ਮਾਨਸਾ,ਸੁਰਿੰਦਰ ਕੌਰ, ਚੰਨ ਮੋਮੀ, ਬਲਬੀਰ ਕੱਲ੍ਹਰ,ਅਵਤਾਰ ਭੰਡਾਲ, ਪ੍ਰੋਮਿਲਾ ਆਰੋੜਾ,ਗੁਰਦਿਆਲ ਕਾਂਜਲੀ, ਬਹਾਦਰ ਸਿੰਘ ਬੱਲ, ਆਰਿਫ਼ ਗੋਬਿੰਦਪੁਰੀ, ਜੰਗ ਬਹਾਦਰ ਸਿੰਘ ਘੁੰਮਣ ਆਦਿ ਨੇ ਗ਼ਜ਼ਲ ਦੇ ਅਹਿਮ ਨੁਕਤਿਆਂ ‘ਤੇ ਭਖ਼ਵੀਂ ਬਹਿਸ ਛੇੜੀ ।

-----

ਬਹਿਸ ਉਪਰੰਤ ਸੁਰਜੀਤ ਸਾਜਨ ਨੇ ਬਹਿਸਕਾਰਾਂ ਵਲੋਂ ਉੱਠਾਏ ਸਵਾਲਾਂ ਦੇ ਬਾ-ਦਲੀਲ ਜਵਾਬ ਦੇ ਕੇ ਆਪਣਾ ਪੱਖ ਪੇਸ਼ ਕੀਤਾ, ਜਿਸ ਨੂੰ ਅਮਰਜੀਤ ਸੰਧੂ ਨੇ ਪ੍ਰਧਾਨਗੀ ਮੰਡਲ ਵਿਚ ਬੈਠਿਆਂ ਹੀ ਖ਼ੂਬ ਸਲ੍ਹਾਹਿਆ ।ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਸਰਵਸ੍ਰੀ ਸਤਵੰਤ ਸਿੰਘ,ਕਾਲਾ ਮੱਲ੍ਹੀਆਂ ਵਾਲਾ, ਜਸਵਿੰਦਰ ਮਹਿਰਮ ,ਪ੍ਰਕਾਸ਼ ਕੌਰ ਸੰਧੂ, ਡਾ. ਕੀਰਤੀ ਕੇਸਰ, ਪ੍ਰੌ.ਸਰਦੂਲ ਔਜਲਾ, ਮਨਜਿੰਦਰ ਕਮਲ, ਮਨਜੀਤ ਸੋਹਲ, ਸੁਰਿੰਦਰਪਾਲ ਸਿੰਘ ਸੰਧੂ, ਲਾਲੀ ਕਰਤਾਰਪੁਰੀ, ਇਬਲੀਸ, ਲੱਖਾ ਸਿਧਵਾਂ ਵਾਲਾ, ਦੀਸ਼ ਦਬੁਰਜੀ, ਕੁਮਾਰੀ ਕਿਰਨ ਰੋਪੜ ਅਤੇ ਸ਼ਿਵ ਸ਼ਿੰਘ ਕਾਲਹਵਾਂ ਦੀ ਸ਼ਮੂਲੀਅਤ ਵਰਨਣਯੋਗ ਹੈ ।ਅੰਤ ਵਿਚ ਕੇਂਦਰ ਦੇ ਪ੍ਰਧਾਨ ਹਰਫੂਲ ਸਿੰਘ ਨੇ ਸਮੂਲੀਅਤ ਲਈ ਸਭ ਦਾ ਧੰਨਵਾਦ ਕਰਦਿਆਂ ਆਪਣੇ ਉਸਤਾਦ ਸੁਰਜੀਤ ਸਾਜਨ ਨੂੰ ਗ਼ਜ਼ਲ ਸੰਗ੍ਰਿਹ ‘ਗੁਲਾਬੀ ਰੰਗ ਦੇ ਸੁਪਨੇ’ ‘ਤੇ ਦਿਲੀ ਵਧਾਈ ਦਿੱਤੀ ਅਤੇ ਕਿਹਾ ਕਿ ਮੇਰੀ ਸਿਹਤ ਠੀਕ ਨਾ ਹੋਣ ਕਰਕੇ ਬਾਕੀ ਰਹਿੰਦੇ ਕਾਰਜਕਾਲ ਲਈ ਸੁਹਿਰਦ ਲੇਖਕ ਜੰਗ ਬਹਾਦਰ ਸਿੰਘ ਘੁੰਮਣ ਨੂੰ ਪ੍ਰਧਾਨਗੀ ਦਾ ਤਾਜ ਭੇਟ ਕਰ ਰਿਹਾ ਹਾਂ।ਸਾਰਿਆਂ ਨੇ ਇਸ ਅਹਿਮ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ।














Thursday, May 13, 2010

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਵੱਲੋਂ ਹਰਜੀਤ ਅਟਵਾਲ ਦੀ ਪੁਸਤਕ 'ਤੇ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ - ਰਿਪੋਰਟ

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਸਾਊਥਾਲ ਵੱਲੋਂ ਹਰਜੀਤ ਅਟਵਾਲ ਦੀ ਪੁਸਤਕ 'ਤੇ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ

ਰਿਪੋਰਟ: ਅਜ਼ੀਮ ਸ਼ੇਖਰ

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ( ਲੰਡਨ) ਵੱਲੋਂ ਸਰੋਤਿਆਂ ਨਾਲ ਖਚਾਖਚ ਭਰੇ ਅੰਬੇਦਕਰ ਭਵਨ ਵਿੱਚ ਹਰਜੀਤ ਅਟਵਾਲ ਦੀ ਨਵੀਂ ਪੁਸਤਕ ‘ਪਚਾਸੀ ਵਰ੍ਹਿਆਂ ਦਾ ਜਸ਼ਨ’ ਉੱਪਰ ਕਰਵਾਈ ਗਈ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ ਬਹੁਤ ਹੀ ਕਾਮਯਾਬ ਸਮਾਗਮ ਹੋ ਨਿੱਬੜਿਆ ਜਿਸ ਨੂੰ ਵਰ੍ਹਿਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ । ਸਮਾਗਮ ਦੇ ਸ਼ੁਰੂ ‘ਚ ਜਨਰਲ ਸਕੱਤਰ ਅਜ਼ੀਮ ਸ਼ੇਖਰ ਨੇ ਸੰਸਥਾ ਦੇ ਮਕਸਦ ਅਤੇ ਭਵਿੱਖਮੁਖੀ ਪ੍ਰੋਗਰਾਮਾਂ ਤੇ ਚਾਨਣਾ ਪਾਇਆ । ਪਹਿਲੇ ਭਾਗ ਦੀ ਪ੍ਰਧਾਨਗੀ ਸਰਵ ਸ੍ਰੀ ਪ੍ਰੀਤਮ ਸਿੱਧੂ, ਸੰਤੋਖ ਧਾਲੀਵਾਲ , ਹਰਬਖ਼ਸ਼ ਮਕਸੂਦਪੁਰੀ ਤੇ ਸ੍ਰੀਮਤੀ ਕੁਲਵੰਤ ਢਿੱਲੋਂ ਨੇ ਸਾਂਝੇ ਤੌਰ ‘ਤੇ ਕੀਤੀ ।

-----

ਹਰਜੀਤ ਅਟਵਾਲ ਦੁਆਰਾ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਕੁਝ ਗੱਲਾਂ ਸਾਂਝੀਆਂ ਕਰਨ ਤੋਂ ਬਾਅਦ ਅਵਤਾਰ ਉੱਪਲ ਨੇ ਪੁਸਤਕ ‘ਤੇ ਵਿਸਥਾਰਿਤ ਪਰਚਾ ਪੇਸ਼ ਕਰਦਿਆਂ ਕਿਹਾ ਕਿ ਹਰਜੀਤ ਅਟਵਾਲ ਇੱਕ ਸਫ਼ਲ ਗਲਪਕਾਰ ਹੈ ਜਿਸਨੇ ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਆਪਣੀ ਪਛਾਣ ਸਥਾਪਿਤ ਕੀਤੀ ਹੈ। ‘ਪਚਾਸੀ ਵਰ੍ਹਿਆਂ ਦਾ ਜਸ਼ਨ’ ਹਰਜੀਤ ਅਟਵਾਲ ਦੇ ਪਿਤਾ ਸ: ਦਰਸ਼ਨ ਸਿੰਘ ਦੀ ਜੀਵਨੀ ਹੈ ਜਿਸਨੂੰ ਉਸਨੇ ਨਾਵਲੀ ਸ਼ੈਲੀ ‘ਚ ਬੇਹੱਦ ਰੌਚਕ ਢੰਗ ਨਾਲ ਲਿਖਿਆ ਹੈ ਤੇ ਇਸਨੂੰ ਵੱਖ-ਵੱਖ ਰਿਸ਼ਤਿਆਂ ਦੇ ਨੁਕਤਾ-ਨਿਗਾਹ ਤੋਂ ਲਿਖਣ ਦਾ ਨਵੇਕਲਾ ਤਜਰਬਾ ਕੀਤਾ ਹੈ। ਉਹ ਕਿਤੇ ਵੀ ਮੋਹ ਵੱਸ ਉਲਾਰ ਨਹੀਂ ਹੋਇਆ। ਇਸ ‘ਚ ਉਸਨੇ ਆਪਣੇ ਪਿਤਾ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਦੇ ਰਾਜਨੀਤਿਕ, ਸੱਭਿਆਚਾਰਕ ਤੇ ਸਮਾਜਿਕ ਹਾਲਾਤ ਦੀ ਸੁੰਦਰ ਤਸਵੀਰਕਸ਼ੀ ਕੀਤੀ ਹੈ। ਪੁਸਤਕ ‘ਚ ਦਰਜ਼ ਦੂਜੇ ਵਿਸ਼ਵ ਯੁੱਧ ਦੇ ਹਾਲਾਤ ਦੇ ਵਰਨਣ ਦੌਰਾਨ ਹਿੰਦੁਸਤਾਨੀ ਸਿਪਾਹੀਆਂ ਦੁਆਰਾ ਜਪਾਨੀਆਂ ਨਾਲ ਭਾਈਵਾਲੀ ਕਰਨ ਵਾਲੇ ਸੁਭਾਸ਼ ਚੰਦਰ ਬੋਸ ਨੂੰ ਗ਼ੱਦਾਰ ਕਹਿਣ ਨੂੰ ਪਰਚਾਕਾਰ ਨੇ ਮੰਦਭਾਗਾ ਦੱਸਿਆ। ਪਰਚੇ ਉਪਰੰਤ ਹੋਈ ਬਹਿਸ ‘ਚ ਭਾਗ ਲੈਂਦਿਆਂ ਸ਼ਿਵਚਰਨ ਗਿੱਲ, ਡਾ ਅਮਰ ਜਿਉਤੀ, ਚਮਨ ਲਾਲ ਚਮਨ, ਰਾਜਿੰਦਰਜੀਤ, ਸੰਤੋਖ ਧਾਲੀਵਾਲ ਤੇ ਕੁਲਵੰਤ ਢਿੱਲੋਂ ਨੇ ਕੁਝ ਨੁਕਤੇ ਉਠਾਏ ਜਿਨ੍ਹਾਂ ਦਾ ਜਵਾਬ ਅਵਤਾਰ ਉੱਪਲ ਨੇ ਦਿੱਤਾ। ਇਸ ਦੌਰਾਨ ਕਵੀ ਮਿੱਠਾ ਸਿੰਘ ਸੇਖੋਂ ਦੀ ਪੁਸਤਕ ‘ਰੋਹੀ ਦਾ ਜੰਡ’ ਅਤੇ ਉਜਾਗਰ ਸਿੰਘ ਧਾਲੀਵਾਲ ਦੀ ‘ਜੰਗਲ ਦਾ ਫੁੱਲ’ ਜਾਰੀ ਕੀਤੀ ਗਈ। ਸਮਾਗਮ ਦੇ ਇਸ ਭਾਗ ਦਾ ਸੰਚਾਲਨ ਸਾਥੀ ਲੁਧਿਆਣਵੀ ਨੇ ਕੀਤਾ।

-----

ਦੂਜੇ ਭਾਗ ‘ਚ ਇੱਕ ਵਿਸ਼ਾਲ ਕਵੀ ਦਰਬਾਰ ਹੋਇਆ ਜਿਸ ‘ਚ ਇੰਗਲੈਂਡ ਭਰ ਤੋਂ ਆਏ ਕਵੀਆਂ ਅਤੇ ਕਵਿੱਤਰੀਆਂ ਨੇ ਭਾਗ ਲਿਆ। ਤਕਰੀਬਨ ਤਿੰਨ ਘੰਟੇ ਚੱਲੇ ਇਸ ਦੌਰ ਦੇ ਪ੍ਰਧਾਨਗੀ ਮੰਡਲ ਵਿੱਚ ਦਲਵੀਰ ਕੌਰ, ਡਾ: ਸਾਥੀ ਲੁਧਿਆਣਵੀ, ਸ਼ਿਵਚਰਨ ਗਿੱਲ, ਚਮਨ ਲਾਲ ਚਮਨ, ਸੰਤੋਖ ਹੇਅਰ ਤੇ ਮੋਤਾ ਸਿੰਘ ਸਰਾਏ (ਪੰਜਾਬੀ ਸੱਥ) ਸ਼ਾਮਿਲ ਹੋਏ। ਇਸਦਾ ਆਰੰਭ ਰਾਜ ਕੁਮਾਰ ਦੇ ਬਾਂਸੁਰੀ ਵਾਦਨ ਨਾਲ ਹੋਇਆ । ਨਵੇਂ ਤੇ ਪੁਰਾਣੇ ਕਵੀਆਂ ਨੂੰ ਰਾਜਿੰਦਰਜੀਤ ਨੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਿਨ੍ਹਾਂ ਨੇ ਲੰਬਾ ਸਮਾਂ ਮਾਹੌਲ ਨੂੰ ਕਾਵਿ ਮਈ ਬਣਾਈ ਰੱਖਿਆ। ਕਵੀਆਂ ‘ਚ ਸੁਖਵੀਰ ਸੋਢੀ,ਗੁਰਨਾਮ ਗਿੱਲ, ਜਸਵਿੰਦਰ ਮਾਨ,ਸੰਤੋਖ ਧਾਲੀਵਾਲ, ਸੁਰਿੰਦਰ ਗਾਖਲ, ਸੰਤੋਖ ਸਿੰਘ ਸੰਤੋਖ, ਮਹਿੰਦਰ ਕੌਰ ਮਿੱਢਾ, ਕੇ ਸੀ ਮੋਹਨ, ਸਿਕੰਦਰ ਬਰਾੜ, ਸੁਰਿੰਦਰਪਾਲ, ਕਸ਼ਮੀਰ ਕੌਰ, ਚਮਨ ਲਾਲ ਚਮਨ, ਸੰਤੋਖ ਹੇਅਰ, ਗੁਲਜ਼ਾਰ ਸਿੰਘ ਅੰਮ੍ਰਿਤ, ਡਾ ਕਿਰਨਦੀਪ ਚਾਹਲ, ਮਨਪ੍ਰੀਤ ਬੱਧਨੀ ਕਲਾਂ, ਰਾਜ ਸੇਖੋਂ, ਪਾਲੀ ਚੀਮਾ, ਕੰਵਲ ਧਾਲੀਵਾਲ, ਸਾਥੀ ਲੁਧਿਆਣਵੀ, ਮਹਿੰਦਰ ਸਿੰਘ ਦਿਲਬਰ, ਅਜ਼ੀਮ ਸ਼ੇਖਰ, ਕੁਲਵੰਤ ਢਿਲੋਂ, ਸ਼ਿਵਚਰਨ ਗਿੱਲ, ਹਰਮਿੰਦਰ ਬਨਵੈਤ, ਡਾ ਅਮਰ ਜਿਉਤੀ, ਨਿਰਮਲ ਕੰਧਾਲਵੀ, ਰਾਜਿੰਦਰ ਕੌਰ (ਪੰਜਾਬ ਰੇਡੀਓ), ਤੇ ਰਾਜਿੰਦਰਜੀਤ ਸ਼ਾਮਿਲ ਸਨ।

Wednesday, May 12, 2010

ਡਾ. ਤੇਜਵੰਤ ਮਾਨ ਡਾ. ਰਵੀ ਯਾਦਗਾਰੀ ਪੁਰਸਕਾਰ ਨਾਲ਼ ਸਨਮਾਨਿਤ - ਰਿਪੋਰਟ

ਫੋਟੋ: ਡਾ. ਤੇਜਵੰਤ ਮਾਨ ਨੂੰ ਪੁਰਸਕਾਰ ਦਿੰਦੇ ਹੋਏ ਪ੍ਰੋ. ਮਹਿੰਦਰਜੀਤ ਕੌਰ ਰਵੀ, ਡਾ. ਮਨਮੋਹਨ ਸਿੰਘ ਸਾਬਕਾ ਆਈ.ਏ.ਐਸ., ਡਾ. ਮੈਥਿਲੀ ਪ੍ਰਸਾਦ ਭਾਰਦਵਾਜ, ਡਾ. ਭਗਵੰਤ ਸਿੰਘ, ਪ੍ਰੋ. ਰਛਪਾਲ ਸਿੰਘ ਨਜ਼ਰ ਆ ਰਹੇ ਹਨ।

*****

ਡਾ. ਤੇਜਵੰਤ ਮਾਨ ਡਾ. ਰਵੀ ਯਾਦਗਾਰੀ ਪੁਰਸਕਾਰ ਨਾਲ਼ ਸਨਮਾਨਿਤ

ਰਿਪੋਰਟ: ਸੰਦੀਪ ਸਿੰਘ

ਪਟਿਆਲਾ : - ਡਾ. ਰਵੀ ਮੈਮੋਰੀਅਲ ਟ੍ਰੱਸਟ, ਪਟਿਆਲਾ ਵੱਲੋਂ ਇਸ ਵਰ੍ਹੇ ਦਾ ਡਾ. ਰਵੀ ਯਾਦਗਾਰੀ ਪੁਰਸਕਾਰ ਪੰਜਾਬੀ ਦੇ ਉੱਘੇ ਚਿੰਤਕ ਅਤੇ ਆਲੋਚਕ ਡਾ. ਤੇਜਵੰਤ ਮਾਨ ਨੂੰ ਦਿੱਤਾ ਗਿਆ। ਇਥੇ ਸ਼੍ਰੀਮਤੀ ਮਹਿੰਦਰ ਕੌਰ ਰਵੀ ਦੀ ਪ੍ਰਧਾਨਗੀ ਵਿਚ ਹੋਏ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿਚ ਡਾ. ਤੇਜਵੰਤ ਮਾਨ ਨੂੰ 21,000 ਰੁਪਏ ਦੀ ਰਾਸ਼ੀ, ਸ਼ਾਲ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਟਰੇਡ ਯੂਨੀਅਨ ਅਧਿਕਾਰਾਂ ਤੇ ਪਹਿਰਾ ਦੇਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫੈਸਰ ਜੋਗਿੰਦਰ ਕੌਸ਼ਲ ਨੂੰ ਵੀ ਰਵੀ ਪੁਰਸਕਾਰ ਦਿੱਤਾ ਗਿਆ। ਪ੍ਰੋਫੈਸਰ ਕੌਸ਼ਲ ਸਿਹਤ ਠੀਕ ਨਾ ਹੋਣ ਕਾਰਨ ਸਮਾਗਮ ਵਿਚ ਨਾ ਆ ਸਕੇ, ਦਾ ਪੁਰਸਕਾਰ ਚੰਡੀਗੜ੍ਹ ਤੋਂ ਆਏ ਸ਼੍ਰੀ ਗੁਰਚਰਨ ਸਿੰਘ ਵਿਰਕ ਨੇ ਪ੍ਰਾਪਤ ਕੀਤਾ।

-----

ਪ੍ਰਿੰਸੀਪਲ ਚੰਦਰ ਪ੍ਰਕਾਸ਼ ਰਾਹੀ ਨੇ ਉਨ੍ਹਾਂ ਕਿਹਾ ਕਿ ਡਾ. ਰਵਿੰਦਰ ਸਿੰਘ ਰਵੀ ਸਿੱਖਿਆ ਦੇ ਖੇਤਰ ਵਿੱਚ ਸਤਿਕਾਰਯੋਗ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੇ ਹਮੇਸ਼ਾਂ ਹੀ ਸਿੱਖਿਆ ਦੇ ਵਪਾਰੀਕਰਨ ਦਾ ਵਿਰੋਧ ਕੀਤਾ। ਸ਼੍ਰੀ ਰਾਹੀ ਨੇ ਕਿਹਾ ਕਿ ਅੱਜ ਵੀ ਸਰਕਾਰੀ ਸਕੂਲਾਂ ਅਤੇ ਕਾਲਜਾਂ ਨੂੰ ਮਿਆਰੀ ਸਿੱਖਿਆ ਦੇ ਕੇਂਦਰਾਂ ਵਜੋਂ ਮੁੜ ਸਥਾਪਿਤ ਕੀਤਾ ਜਾ ਸਕਦਾ ਹੈ, ਪਰੰਤੂ ਇਹ ਕੰਮ ਉਹੀ ਅਧਿਆਪਕ ਕਰ ਸਕਦੇ ਹਨ ਜੋ ਲੋਕ ਜੀਵਨ ਨਾਲ ਪ੍ਰਤਿਬੱਧ ਰੂਪ ਵਿੱਚ ਜੁੜੇ ਹੋਣ ਤੇ ਚੰਗਾ ਸਮਾਜ ਸਿਰਜਣ ਲਈ ਦ੍ਰਿੜ੍ਹਤਾ ਨਾਲ ਕੰਮ ਕਰਨ ਲਈ ਤਿਆਰ ਹੋਣ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੁੱਜੇ ਡਾ. ਮੈਥਿਲੀ ਪ੍ਰਸਾਦ ਭਾਰਦਵਾਜ ਨੇ ਡਾ. ਰਵੀ ਨੂੰ ਮਹਾਨ ਚਿੰਤਕ, ਅਧਿਆਪਕ ਆਗੂ ਤੇ ਪ੍ਰਤਿਬੱਧ ਲੇਖਕ ਦੱਸਿਆ। ਡਾ. ਤੇਜਵੰਤ ਮਾਨ ਨੇ ਆਪਣੇ ਸੰਬੋੰਧਨ ਵਿੱਚ ਕਿਹਾ ਕਿ “ਅੱਜ ਮੰਡੀ ਦੀਆਂ ਤਾਕਤਾਂ ਸਾਡੀਆਂ ਸਭਿਆਚਾਰਕ ਕੀਮਤਾਂ ਨੂੰ ਖੋਰਾ ਲਾ ਰਹੀਆਂ ਹਨ। ਸਾਨੂੰ ਸੁਚੇਤ ਰੂਪ ਵਿਚ ਇਸ ਤੋਂ ਬਚ ਕੇ ਆਪਣੇ ਸਭਿਆਚਾਰ ਦੀ ਰਾਖੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਡਾ. ਰਵਿੰਦਰ ਸਿੰਘ ਰਵੀ ਨੇ ਸੱਚ ਤੇ ਪਹਿਰਾ ਦਿੰਦਿਆਂ ਆਪਣੀ ਜਾਨ ਕੁਰਬਾਨ ਕੀਤੀ ਸੀ। ਉਹ ਇਕ ਵੱਡਾ ਮਾਨਵਵਾਦੀ ਚਿੰਤਕ ਸੀ ਜਿਸ ਦੀ ਸੋਚ ਅੱਜ ਹੋਰ ਜ਼ਿਆਦਾ ਪ੍ਰਸੰਗਕ ਹੈ।”

-----

ਡਾ. ਭਗਵੰਤ ਸਿੰਘ ਨੇ ਡਾ. ਤੇਜਵੰਤ ਮਾਨ ਵੱਲੋਂ ਪੰਜਾਬੀ ਸਾਹਿਤ, ਚਿੰਤਨ ਅਤੇ ਆਲੋਚਨਾ ਦੇ ਖੇਤਰ ਵਿੰਚ ਪਾਏ ਯੋਗਦਾਨ ਬਾਰੇ ਇਕ ਵਿਦਵਤਾ ਭਰਪੂਰ ਪਰਚਾ ਪੇਸ਼ ਕੀਤਾ। ਡਾ. ਸੁਰਜੀਤ ਸਿੰਘ ਭੱਟੀ ਨੇ ਡਾ. ਮਾਨ ਦੇ ਸਤਕਾਰ ਵਿੱਚ ਮਾਣ ਪੱਤਰ ਪੜ੍ਹਿਆ। ਡਾ. ਰਵਿੰਦਰ ਸਿੰਘ ਰਵੀ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ, ਪੰਜਾਬ ਯੂਨੀਵਰਸਿਟੀ ਦੇ ਸੈਨੇਟਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸਨ। 19 ਮਈ, 1989 ਨੂੰ ਉਨ੍ਹਾਂ ਦਾ ਕ਼ਤਲ ਕਰ ਦਿੱਤਾ ਸੀ।

-----

ਡਾ. ਰਵੀ ਮੈਮੋਰੀਅਲ ਟਰਸਟ ਵੱਲੋਂ ਹਰ ਵਰ੍ਹੇ ਉਨ੍ਹਾਂ ਦੀ ਯਾਦ ਵਿੱਚ ਇਕ ਸਾਹਿਤਕ ਸਮਾਗਮ ਕਰਾਇਆ ਜਾਂਦਾ ਹੈ। ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਹਰਕਿਸ਼ਨ ਮਹਿਤਾ, ਸ਼੍ਰੀ ਐਸ.ਕੇ. ਆਹਲੂਵਾਲੀਆ, ਸ਼੍ਰੀ ਬਲਵਿੰਦਰ ਜੰਮੂ, ਪ੍ਰੋ. ਮਹਿੰਦਰ ਸਿੰਘ ਸੱਲ੍ਹ, ਡਾ. ਸੁਖਦੇਵ ਸਿੰਘ ਸਿਰਸਾ, ਮੋਹਨ ਤਿਆਗੀ, ਨਿਰਮਲ ਸਿੰਘ ਧਾਲੀਵਾਲ, ਪ੍ਰੋ. ਭਾਗ ਸਿੰਘ, ਪ੍ਰੋ. ਯੋਗਰਾਜ, ਨਰਿੰਦਰ ਸਿੰਘ ਵਾਲੀਆ, ਪ੍ਰੋ. ਹਰਦੇਵ ਸਿੰਘ ਗਰੇਵਾਲ, ਡਾ. ਹਰਚਰਨ ਸਿੰਘ, ਡਾ. ਰਸ਼ਪਾਲ ਸਿੰਘ ਪ੍ਰੋ. ਕਿਰਮਲ ਸਿੰਘ, ਡਾ. ਗੁਰਦੀਪ ਸਿੰਘ, ਪ੍ਰੋ. ਵੇਦ ਪ੍ਰਕਾਸ਼ ਤੇ ਡਾ. ਐਸ. ਤਰਸੇਮ ਮੁੱਖ ਤੌਰ ਤੇ ਹਾਜ਼ਰ ਹਨ। ਸਮਾਗਮ ਦੀ ਕਾਰਵਾਈ ਪ੍ਰੋ. ਬਲਵੀਰ ਸਿੰਘ ਬੱਲੀ ਨੇ ਚਲਾਈ।

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ