Tuesday, May 18, 2010

ਸੁਪ੍ਰਸਿੱਧ ਲੇਖਕ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀਆਂ ਦੋ ਕਿਤਾਬਾਂ ਸਰੀ ਵਿਚ ਰਿਲੀਜ਼ - ਰਿਪੋਰਟ

ਸੁਪ੍ਰਸਿੱਧ ਲੇਖਕ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀਆਂ ਦੋ ਕਿਤਾਬਾਂ ਸਰੀ ਵਿਚ ਰਿਲੀਜ਼

ਰਿਪੋਰਟ: ਆਰਸੀ

ਅੱਜ ਐਬਸਫੋਰਡ, ਬੀ.ਸੀ. ਕੈਨੇਡਾ ਵਸਦੇ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਨੂੰ ਸਮਰਪਿਤ, ਪਿੰਗਲ ਦੀ ਅਥਾਹ ਜਾਣਕਾਰੀ ਰੱਖਣ ਵਾਲ਼ੇ ਸੁਪ੍ਰਸਿੱਧ ਲੇਖਕ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀਆਂ ਦੋ ਕਿਤਾਬਾਂ ਜੋਤਿ ਓਹਾ ਜੁਗਤਿ ਸਾਇ ਅਤੇ ਵਾਰਾਂ ਵਿਚ ਇਤਿਹਾਸ ਅੱਜ ਸਰੀ ਦੇ ਤਾਜ ਬੈਂਕੁਇਟ ਹਾਲ ਵਿਚ ਭਰਵੇਂ ਅਤੇ ਸ਼ਾਨਦਾਰ ਸਮਾਗਮ ਚ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਰਿਲੀਜ਼ ਕੀਤੀਆਂ। ਗੁਰ ਅੰਜਨ ਅਕੈਡਮੀ ਵੱਲੋਂ ਆਯੋਜਿਤ ਇਹ ਸਮਾਗਮ ਬਾਅਦ ਦੁਪਹਿਰ ਦੋ ਵਜੇ ਤੋਂ ਪੰਜ ਵਜੇ ਤੀਕ ਚੱਲਿਆ, ਜਿਸ ਵਿਚ ਪੰਥ ਦੇ ਵਿਦਵਾਨਾਂ, ਲੇਖਕਾਂ, ਪ੍ਰਚਾਰਕਾਂ ਨੇ ਸ਼ਿਰਕਤ ਕੀਤੀ। ਪਹੁੰਚੇ ਵਿਦਵਾਨਾਂ ਨੇ ਗਿਆਨੀ ਜੀ ਦੀ ਜ਼ਿੰਦਗੀ ਅਤੇ ਨਵ-ਪ੍ਰਕਾਸ਼ਿਤ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ। ਕਿਤਾਬ ਰਿਲੀਜ਼ ਸਮਾਗਮ ਤੋਂ ਉਪਰੰਤ ਗੁਰ ਅੰਜਨ ਅਕੈਡਮੀ ਦੇ ਬੱਚਿਆਂ ਨੇ ਗਿਆਨੀ ਜੀ ਦੀਆਂ ਢਾਡੀ ਵਾਰਾਂ ਗਾ ਕੇ ਸਭ ਦਾ ਮਨ ਮੋਹ ਲਿਆ।

----

ਅੱਜ ਮੈਨੂੰ ਵੀ ਗਿਆਨੀ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਡੈਡੀ ਜੀ ਬਾਦਲ ਸਾਹਿਬ, ਨਿਰਦੋਸ਼ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਹਨ ਤੇ ਅਕਸਰ ਉਹਨਾਂ ਦੀਆਂ ਲਿਖਤਾਂ ਦਾ ਜ਼ਿਕਰ ਮੇਰੇ ਕੋਲ਼ ਕਰਦੇ ਰਹਿੰਦੇ ਹਨ। ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਇਹਨਾਂ ਕਿਤਾਬਾਂ ਦੇ ਰਿਲੀਜ਼ ਹੋਣ ਤੇ ਲੱਖ-ਲੱਖ ਮੁਬਾਰਕਬਾਦ ਪੇਸ਼ ਕਰਦੀ ਹਾਂ। ਨਿਰਦੋਸ਼ ਸਾਹਿਬ ਨੇ ਆਪਣੀਆਂ ਚਾਰ ਕਿਤਾਬਾਂ ਵੀ ਆਰਸੀ ਲਈ ਦਿੱਤੀਆਂ ਹਨ, ਜਲਦੀ ਹੀ ਉਹਨਾਂ ਦੀਆਂ ਲਿਖਤਾਂ ਵੀ ਆਰਸੀ 'ਤੇ ਸਾਂਝੀਆਂ ਕਰਾਂਗੇ। ਜਿਉਂ ਹੀ ਸਮਾਗਮ ਦੀਆਂ ਫ਼ੋਟੋਆਂ ਪ੍ਰਾਪਤ ਹੋਈਆਂ, ਪੋਸਟ ਕਰ ਦਿੱਤੀਆਂ ਜਾਣਗੀਆਂ। ਇਹ ਦੋਵੇਂ ਕਿਤਾਬਾਂ ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ, ਤਾਂ ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ