Tuesday, August 17, 2010

ਕੈਲੇਫੋਰਨੀਆ ਵਿਖੇ ਪਾਸ਼ ਯਾਦਗਾਰੀ ਸਮਾਗਮ ਕਰਵਾਇਆ ਗਿਆ - ਰਿਪੋਰਟ

ਰਿਪੋਰਟ: ਸੁਰਿੰਦਰ ਧੰਜਲ

(ਕਨਵੀਨਰ, ਪਾਸ ਯਾਦਗਾਰੀ ਕੌਮਾਂਤਰੀ ਟ੍ਰੱਸਟ)

(10 ਜੁਲਾਈ 2010)

ਪਾਸ਼ ਯਾਦਗਾਰੀ ਕੌਮਾਂਤਰੀ ਟ੍ਰੱਸਟ ਵਲੋਂ, ਨਵੀਂ ਸਦੀ ਦਾ ਪਹੁ-ਫੁਟਾਲਾ, ਸਿਰਲੇਖ ਹੇਠਲੀ ਤ੍ਰੈਸਾਲਾ ਵਿਦੇਸ਼ ਸਾਹਿਤਕ ਸਮਾਗਮ ਲੜੀ ਅਧੀਨ, ਹੇਵਰਡ (2003) ਅਤੇ ਨਿਊਆਰਕ (2006) ਤੋਂ ਬਾਅਦ, ਯੂ. ਐੱਸ. ਏ. ਵਿੱਚ ਤੀਜਾ ਪਾਸ਼ ਯਾਦਗਾਰੀ ਸਮਾਗਮ, ਸਨੀਵੇਲ (ਕੈਲੇਫੋਰਨੀਆ) ਦੇ ਸਨੀਵੇਲ ਹਿੰਦੂ ਟੈਂਪਲ ਅਤੇ ਕਮਿਊਨਿਟੀ ਸੈਂਟਰ ਵਿੱਚ ਆਯੋਜਿਤ ਕੀਤਾ ਗਿਆ।

-----

ਇਸ ਪ੍ਰੋਗ੍ਰਾਮ ਵਿੱਚ ਪਾਸ਼ ਦੇ ਨਾਲ 1986-87 ਵਿੱਚ ਵਿਚਰਨ ਵਾਲੇ ਐਂਟੀ-47 ਫ਼ਰੰਟ ਅਤੇ ਪੰਜਾਬੀ ਪੀਪਲਜ਼ ਕਲਚਰਲ ਐਸੋਸੀਏਸ਼ਨ (PUPCLA) ਦੇ ਸਾਰੇ ਸਰਗਰਮ ਕਾਮੇ (ਧੀਦੋ, ਪੰਮੀ, ਸੁੱਖਾ, ਹਰਜਿੰਦਰ ਬਾਬਾ, ਟੇਕਾ, ਸ਼ੇਖਰ, ਤਰਸੇਮ ਬਾਸੀ, ਦਵਿੰਦਰ ਪਾਹੜਾ, ਦੇਵ, ਅਮਰੀਕ, ਮੁਹਿੰਦਰਪਾਲ ਗਿੱਲ ਕੁੱਕੀ, ਰੇਸ਼ਮ ਸਿੱਧੂ, ਕੰਬੋਜ, ਜਸਵਿੰਦਰ), ਜਿਸ ਉਤਸ਼ਾਹ ਨਾਲ ਸ਼ਾਮਿਲ ਹੋਕੇ ਪ੍ਰਬੰਧਕੀ ਕੰਮ ਨਿਭਾਅ ਰਹੇ ਸਨ, ਉਹ ਆਪਣੀ ਮਿਸਾਲ ਆਪ ਸੀ।

-----

ਯੂ. ਐੱਸ. ਏ. ਦੇ ਨਾਮਵਰ ਸਾਹਿਤਕਾਰਾਂ - ਸ਼ਸ਼ੀ ਸਮੁੰਦਰਾ, ਡਾ. ਵੇਦ ਵਟੁਕ, ਪ੍ਰੋ. ਹਰਭਜਨ ਸਿੰਘ, ਕੁਲਵਿੰਦਰ ਪਲਾਹੀ, ਆਜ਼ਾਦ ਜਲੰਦਰੀ, ਹਿੰਮਤ ਸਿੰਘ ਹਿੰਮਤ, ਰੇਸ਼ਮ ਸਿੱਧੂ, ਪੰਕਜ ਆਂਸਲ, ਜਗਜੀਤ ਨੁਸ਼ਿਹਰਵੀ, ਪ੍ਰਿੰ. ਹਰਜਿੰਦਰ ਮੱਟੂ, ਪ੍ਰੋ. ਸੰਤੋਖ ਮਿਨਹਾਸ, ਅਮਨਦੀਪ ਬੋਪਾਰਾਏ, ਪਰਮਿੰਦਰ ਪਰਵਾਨਾ ਅਤੇ ਅਮਰੀਕ ਖਡਾਲੀਆ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।

-----

ਕੈਨੇਡਾ ਤੋਂ ਉਚੇਚੇ ਤੌਰ ’ਤੇ ਸ਼ਾਮਿਲ ਹੋਏ ਪ੍ਰਸਿੱਧ ਕਹਾਣੀਕਾਰ ਅਮਰਜੀਤ ਚਾਹਲ ਨੇ ਪਾਸ਼ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਇਕ ਨਵੀ ਕਵਿਤਾ ਨਾਲ, ਅਤੇ ਨਰਿੰਦਰ ਅਰਸ਼ੀ ‘ਬਾਈਆ’ ਨੇ ਨਵੀਂ ਗ਼ਜ਼ਲ ਨਾਲ ਆਪਣੀ ਹਾਜ਼ਰੀ ਲਗਵਾਈ।

-----

ਪਾਸ਼ ਦੀ ਇਕਲੌਤੀ ਬੇਟੀ ਵਿੰਕਲ ਦੁਆਰਾ ਪੜ੍ਹੀ ਪਾਸ਼ ਦੀ ਕਵਿਤਾ ਸੁਪਨੇ ਹਰ ਕਿਸੇ ਨੂੰ ਨਹੀਂ ਆਉਂਦੇ, ਅਤੇ ਸੁਖਦੇਵ ਸਾਹਿਲ ਦੀ ਗਾਈ ਪਾਸ਼ ਦੀ ਗ਼ਜ਼ਲ ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ ਨੇ ਭਾਵਕ ਅਤੇ ਜੋਸ਼ੀਲੇ ਮਾਹੌਲ ਦੀ ਅਜਿਹੀ ਸ਼ੁਰੂਆਤ ਕੀਤੀ ਕਿ ਸਰੋਤੇ ਮੰਤਰ ਮੁਗਧ ਹੋ ਗਏ। ਕੂਲ ਪੰਜਾਬੀ ਵਿਰਸਾ ਗਰੁਪ ਸਟਾਕਟਨ ਦੇ ਪਰਮਜੀਤ ਅਤੇ ਰੇਨੂ ਸਿੰਘ ਦਾ ਪਾਸ਼ ਦੀਆਂ ਕਵਿਤਾਵਾਂ ’ਤੇ ਆਧਾਰਿਤ ਸੰਗੀਤ-ਕਾਵਿ-ਨਾਟਿ ਅਤੇ ਐਂਪਾਇਰ ਭੰਗੜਾ ਟੀਮ ਵੱਲੋਂ ਪਾਸ਼ ਦੀਆਂ ਬੋਲੀਆਂ ਅਤੇ ਗੀਤਾਂ ’ਤੇ ਆਧਾਰਿਤ ਭੰਗੜਾ ਨਿਰਸੰਦੇਹ ਇਸ ਪ੍ਰੋਗਰਾਮ ਦੀ ਕਲਾਤਮਿਕ ਸਿਖਰ ਸਨ। ਪੰਜਾਬੀ ਦੀ ਸੀਮਤ ਜਾਣਕਾਰੀ ਰੱਖਣ ਵਾਲੇ, ਅਮਰੀਕਾ ਦੇ ਜੰਮਪਲ ਬੱਚਿਆਂ ਤੋਂ ਏਨਾ ਵਧੀਆ ਭੰਗੜਾ ਤਿਆਰ ਕਰਵਾਉਣਾ ਟੀਮ ਕੈਪਟਨ ਸ਼ਾਨਜੀਤ ਸਿੰਘ ਗਿੱਲ, ਅਤੇ PUPCLA ਦੇ ਸਰਗਰਮ ਮੈਂਬਰਾਨ ਸੁੱਖਾ ਗਿੱਲ ਅਤੇ ਮੈਰਿਲਿਨ ਗਿੱਲ ਦੀ ਘਾਲਣਾ ਦਾ ਕਮਾਲ ਸੀ।

-----

ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੀ ਤਿਆਰ ਕਰਵਾਈ ਹੋਈ ਦਸਤਾਵੇਜ਼ੀ ਫਿਲਮ ਆਪਣਾ ਪਾਸ਼ (ਜਿਸ ਵਿੱਚ ਪਾਸ਼ ਬਾਰੇ ਗੁਰਸ਼ਰਨ ਸਿੰਘ, ਨਿਰੁਪਮਾ ਦੱਤ, ਸੁਰਜੀਤ ਪਾਤਰ, ਨਾਗੁਰਜਨ, ਪ੍ਰਿ: ਸੁਜਾਨ ਸਿੰਘ, ਕੇਵਲ ਧਾਲੀਵਾਲ, ਲਖਵਿੰਦਰ ਉੱਗੀ, ਕਾ. ਚੈਨ ਸਿੰਘ ਚੈਨ, ਮੁਹਿੰਦਰ ਸਿੰਘ ਸੰਧੂ ਅਤੇ ਪਾਸ਼ ਦੇ ਮਾਤਾ-ਪਿਤਾ ਦੀਆਂ ਟਿੱਪਣੀਆਂ ਵੀ ਸ਼ਾਮਿਲ ਹਨ) ਦੇ ਕੁਝ ਅੰਸ਼ ਵੀ ਦਿਖਾਏ ਗਏ। ਪ੍ਰੋਗ੍ਰਾਮ ਦੇ ਅੰਤਲੇ ਪਲਾਂ ਵਿੱਚ ਪ੍ਰਸਿੱਧ ਚਿੰਤਕ ਡਾ. ਤੇਜਵੰਤ ਸਿੰਘ ਗਿੱਲ (ਭਾਰਤ) ਅਤੇ ਡਾ. ਗੁਰੂਮੇਲ (ਯੂ. ਐੱਸ. ਏ.) ਵੀ ਸ਼ਾਮਿਲ ਸਨ। ਪ੍ਰੋਗ੍ਰਾਮ ਵਿੱਚ ਪਾਸ਼ ਟ੍ਰੱਸਟ ਦੀਆਂ ਕੁਝ ਚੋਣਵੀਆਂ ਪ੍ਰਕਾਸ਼ਨਾਵਾਂ- ਸੰਪੂਰਨ ਪਾਸ਼-ਕਾਵਿ, ਸਾਹਿਤ ਦਾ ਸਾਗਰ: ਪਾਸ਼, ਪਾਸ਼ ਤਾਂ ਸੂਰਜ ਸੀ, ਅਤੇ Pash: The Poet of Impossible Dreams (ਸੰਪਾਦਕ: ਪ੍ਰੋ. ਘਈ) ਤੋਂ ਬਿਨਾਂ, ਪਾਕਿਸਤਾਨ ਵਿੱਚ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸਿ਼ਤ ਪੁਸਤਕਾਂ- ਪਾਸ਼ ਦੀ ਸਾਰੀ ਸ਼ਾਇਰੀ, ਅਤੇ ਇਨਕਾਰ (ਪਾਸ਼ ਦੀਆਂ ਚੋਣਵੀਆਂ ਕਵਿਤਾਵਾਂ) ਦੀ ਜਾਣ ਪਛਾਣ ਕਰਵਾਈ ਗਈ।

-----

ਇੰਡੋ ਯੂ. ਐੱਸ. ਹੈਰੀਟੇਜ ਐਸੋਸੀਏਸ਼ਨ ਫਰੈਜ਼ਨੋ ਦੇ ਸਹਿਯੋਗ ਨਾਲ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪਾਸ਼ ਦੀ ਕਵਿਤਾ ਰੱਬ ਤੋਂ ਬਿਨਾਂ ਵਾਲਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸਾਰੇ ਪ੍ਰੋਗ੍ਰਾਮ ਦੀ ਤਿਆਰੀ ਵਿੱਚ ਪਾਸ਼ ਦੇ ਸਤਿਕਾਰਯੋਗ ਪਿਤਾ ਜੀ ਸੋਹਣ ਸਿੰਘ ਸੰਧੂ ਦਾ ਆਗੂ ਰੋਲ ਪ੍ਰਤੱਖ ਸੀ। ਸਟੇਜ ਦੀਆਂ ਜ਼ਿੰਮੇਵਾਰੀਆਂ ਪਾਸ਼ ਟ੍ਰੱਸਟ ਦੇ ਯੂ. ਐੱਸ. ਏ. ਦੇ ਮੈਂਬਰ ਸੁਖਵਿੰਦਰ ਕੰਬੋਜ ਅਤੇ ਟ੍ਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ ਨੇ ਨਿਭਾਈਆਂ।

-----

ਹਕੂਮਤੀ ਅਤੇ ਫਿਰਕੂ ਦਹਿਸ਼ਤਗਰਦੀ ਦੇ ਜਿਸ ਸਮਾਜਕ-ਰਾਜਨੀਤਕ ਦੌਰ ’ਚੋਂ ਅਸੀਂ ਗੁਜ਼ਰ ਰਹੇ ਹਾਂ, ਉਸ ਦੌਰ ਵਿੱਚ ਅਜਿਹੇ ਪ੍ਰੋਗ੍ਰਾਮਾਂ ਦੀ ਅਹਿਮ ਭੂਮਿਕਾ ਹੈ। ਪਾਸ਼ ਵਾਲੀ ਕ੍ਰਾਂਤੀਕਾਰੀ ਸਪਿਰਿਟ ਦਾ ਜਿਉਂਦੇ ਰਹਿਣਾ, ਲਹੂ ਦਾ ਗਰਮ ਰਹਿਣਾ, ਮੁਰਦਾ ਸ਼ਾਂਤੀ ਨਾਲ ਭਰਨ ਤੋਂ ਸੁਚੇਤ ਰਹਿਣਾ ਅਤੀ ਜ਼ਰੂਰੀ ਹੈ। ਯੂ. ਐੱਸ. ਏ., ਕੈਨੇਡਾ ਅਤੇ ਭਾਰਤ ਦੇ ਸਾਹਿਤਕਾਰਾਂ, ਕਲਾਕਾਰਾਂ ਅਤੇ ਰਾਜਸੀ ਕਾਮਿਆਂ ਨੇ, ਚਾਰ ਘੰਟੇ ਲੰਮੇ ਇਸ ਸਮਾਗਮ ਵਿੱਚ, ਜਿਸ ਸਿਦਕ ਅਤੇ ਸਿਰੜ ਨਾਲ, ਪਾਸ਼ ਕਾਵਿ ਦੀ ਕੌਮਾਂਤਰੀ ਸਾਰਥਿਕਤਾ ਨੂੰ ਉਘਾੜਿਆ, ਓਸ ਸਦਕਾ ਇਹ ਪ੍ਰੋਗ੍ਰਾਮ ਸਹੀ ਅਰਥਾਂ ਵਿੱਚ ‘ਕੌਮਾਂਤਰੀ ਪ੍ਰੋਗ੍ਰਾਮ’ ਸੀ।

Thursday, July 22, 2010

ਔਨਲਾਈਨ ਪੰਜਾਬੀ ਸਾਹਿਤਕ ਮੈਗਜ਼ੀਨ ‘ਲਿਖਤਮ’ ਦਾ ਲੋਕ-ਅਰਪਣ - ਰਿਪੋਰਟ

ਫ਼ੋਟੋ: 1 - ‘ਲਿਖਤਮ’ ਦਾ ਲੋਕ-ਅਰਪਣ ਕਰਦਿਆਂ ਮੋਹਨ ਆਲੋਕ , ਹਰਪਾਲ ਸਿੰਘ ਲੱਖੀਆਂ, ਡਾ.ਸਤਿਆਵ੍ਰਤ ਵਰਮਾ ਅਤੇ ਗੁਰਮੀਤ ਬਰਾੜ, 2 - ‘ਲਿਖਤਮ’ ਦਾ ਮੁਹਾਂਦਰਾ, 3 - ਗੁਰਮੀਤ ਬਰਾੜ ‘ਲਿਖਤਮ’ ਬਾਰੇ ਜਾਣਕਾਰੀ ਦਿੰਦਿਆਂ
******

ਰਾਜਸਥਾਨ ਦੇ ਪਹਿਲੇ ਪੰਜਾਬੀ ਔਨਲਾਈਨ ਮੈਗਜ਼ੀਨ ‘ਲਿਖਤਮ’ ਦਾ ਲੋਕ-ਅਰਪਣ ਅੱਜ 22 ਜੁਲਾਈ 2010 ਨੂੰ ਸ਼੍ਰੀਗੰਗਾਨਗਰ(ਰਾਜਸਥਾਨ) ਵਿਖੇ ਕੇਂਦਰੀ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਹਿੰਦੀ ‘ਤੇ ਰਾਜਸਥਾਨੀ ਦੇ ਪ੍ਰਸਿੱਧ ਸਾਹਿਤਕਾਰ ਮੋਹਨ ਆਲੋਕ ਨੇ ਕੀਤਾ। ਇਸ ਮੌਕੇ ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਵਿਦਵਾਨ ਅਤੇ ਸਾਹਿਤਕਾਰ ਡਾ.ਸਤਿਆਵ੍ਰਤ ਵਰਮਾ,ਪੰਜਾਬੀ ਕਹਾਣੀਕਾਰ ਹਰਪਾਲ ਸਿੰਘ ਲੱਖੀਆਂ, ਰਾਜਸਥਾਨ ਹਿੰਦੀ ਅਕਾਦਮੀ ਦੇ ਸਾਬਕਾ ਮੀਤ ਪ੍ਰਧਾਨ ਡਾ.ਵਿੱਦਿਆ ਸਾਗਰ ਸ਼ਰਮਾ, ‘ਰੋਜ਼ਾਨਾ ਸੀਮਾ ਸੰਦੇਸ਼’ ਦੇ ਮੁੱਖ ਸੰਪਾਦਕ ਲਲਿਤ ਸ਼ਰਮਾ,’ਪੰਜਾਬੀ ਟ੍ਰਿਬਿਊਨ’ ਦੇ ਸੀਨੀਅਰ ਪੱਤਰਕਾਰ ਮਹਿੰਦਰਜੀਤ ਵਹਾਬਵਾਲੀਆ, ਸਾਹਿਤਕਾਰ ਕ੍ਰਿਸ਼ਨ ਬ੍ਰਹਿਸਪਤੀ,ਸਰਬ ਸਿੱਖਿਆ ਅਭਿਆਨ ਦੇ ਅਸਿਸਟੈਂਟ ਪ੍ਰੋਜੈਕਟ ਅਫ਼ਸਰ ਅਰਵਿੰਦਰ ਸਿੰਘ ਅਤੇ ਭਾਸਕਰ ਗਰੁਪ ਆਫ਼ ਨਿਊਜ਼ ਪੇਪਰਸ ਦੇ ਸੀਨੀਅਰ ਪੱਤਰਕਾਰ ਕ੍ਰਿਸ਼ਨ ਕੁਮਾਰ ‘ਆਸ਼ੂ’ ਵਿਸ਼ੇਸ਼ ਤੌਰ ਤੇ ਮੌਜੂਦ ਸਨ।

-----

ਲੋਕ-ਅਰਪਣ ਕਰਦਿਆਂ ਮੋਹਨ ਆਲੋਕ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਦੇ ਫ਼ੈਲਾ ਨਾਲ ਭਾਸ਼ਾ ‘ਤੇ ਸਾਹਿਤ ਦੀ ਸਾਈਬਰ ਸਪੇਸ ਤੇ ਹਾਜ਼ਿਰੀ ਲਾਜ਼ਮੀ ਹੋ ਗਈ ਹੈ।ਉਹਨਾ ਨੇ ਆਖਿਆ ਕਿ ਸਾਡੇ ਸਾਹਿਤ ‘ਤੇ ਸੱਭਿਆਚਾਰ ਦੀ ਸੰਭਾਲ਼ ਵਾਸਤੇ ਇੰਟਰਨੈਟ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਉੱਭਰ ਕੇ ਆਇਆ ਹੈ। ਡਾ.ਵਿੱਦਿਆ ਸਾਗਰ ਸ਼ਰਮਾ ਨੇ ਕਿਹਾ ਕਿ ਔਨਲਾਈਨ ਮੈਗਜ਼ੀਨ ਰਾਹੀਂ ਇੱਕੋ ਸਮੇਂ ਸਾਰੀ ਦੁਨੀਆਂ ‘ਚ ਸਾਹਿਤ ਪ੍ਰੇਮੀ ਅਤੇ ਸਾਹਿਤਕਾਰ ਇੱਕ- ਦੂਜੀ ਭਾਸ਼ਾ ਦੇ ਸਾਹਿਤ ਦਾ ਆਨੰਦ ਮਾਣ ਸਕਣਗੇ। ‘ਰੋਜ਼ਾਨਾ ਸੀਮਾ ਸੰਦੇਸ਼’ ਦੇ ਮੁੱਖ ਸੰਪਾਦਕ ਲਲਿਤ ਸ਼ਰਮਾ ਨੇ ਪ੍ਰਿੰਟ ਮੀਡੀਆ ‘ਤੇ ਸਾਈਬਰ ਪੱਤਰਕਾਰਤਾ ਦੇ ਸੁਮੇਲ ਅਤੇ ਮਿਲਵਰਤਣ ਦੀ ਲੋੜ ਮਹਿਸੂਸਦਿਆਂ ਸਾਰੇ ਲੇਖਕਾਂ ਅਤੇ ਪਾਠਕਾਂ ਨੂੰ ਕੰਪਿਉਟਰ ਸਾਖਰ ਹੋਣ ‘ਤੇ ਜ਼ੋਰ ਦਿੱਤਾ ਤਾਂ ਕਿ ਅਸੀਂ ਸਭ ਨਵੀਂ ਤਕਨਾਲੋਜੀ ਦੇ ਹਾਣ ਦੇ ਹੋ ਸਕੀਏ। ‘ਲਿਖਤਮ’ਦੇ ਸੰਪਾਦਕ ਗੁਰਮੀਤ ਬਰਾੜ ਨੇ ‘ਲਿਖਤਮ’ ਦੇ ਕਾਵਿ, ਗਲਪ, ਵਿਅੰਗ, ਸ਼ਬਦ-ਚਿੱਤਰ, ਮੁਲਾਕਾਤ, ਰੁਝੇਵੇਂ, ਪੜਤਾਲ, ਪੜਚੋਲ ਅਤੇ ਅਨੁਵਾਦ ਬਾਰੇ ਵਿਸਥਾਰ ਨਾਲ਼ ਜਾਣਕਾਰੀ ਦਿੱਤੀ।

****

ਆਰਸੀ ਪਰਿਵਾਰ ਵੱਲੋਂ ਗੁਰਮੀਤ ਬਰਾੜ ਜੀ ਨੂੰ ਖ਼ੂਬਸੂਰਤ ਔਨਲਾਈਨ ਸਾਹਿਤਕ ਮੈਗਜ਼ੀਨ ‘ਲਿਖਤਮ ’ ਸ਼ੁਰੂ ਕਰਨ ਲਈ ਹਾਰਦਿਕ ਸ਼ੁੱਭ-ਕਾਮਨਾਵਾਂ । ਲਿਖਤਮ 'ਤੇ ਫੇਰੀ ਪਾਉਣ ਲਈ ਏਥੇ ਕਲਿਕ ਕਰੋ ਜੀ:

www.likhtam.com





“ਕੈਨੇਡੀਅਨ ਪੰਜਾਬੀ ਸਾਹਿਤ” ਪੁਸਤਕ ਦੀ ਘੁੰਢ ਚੁਕਾਈ - ਰਿਪੋਰਟ


ਫ਼ੋਟੋ: ਖੱਬੇ ਤੋਂ ਸੱਜੇ: ਸੁਖਿੰਦਰ, ਗੁਰਦੇਵ ਸਿੰਘ ਮਾਨ, ਤਰਲੋਚਨ ਸਿੰਘ ਗਿੱਲ, ਡਾ. ਜਤਿੰਦਰ ਕੌਰ ਰੰਧਾਵਾ, ਮੇਜਰ ਸਿੰਘ ਨਾਗਰਾ

ਰਿਪੋਰਟ: ਮੇਜਰ ਸਿੰਘ ਨਾਗਰਾ, ਬਰੈਂਪਟਨ

ਬਰੈਂਪਟਨ –ਬੀਤੇ ਵੀਕਐਂਡ ਦੌਰਾਨ ਬਰੈਂਪਟਨ ਸ਼ਹਿਰ ਦੇ ਰੋਇਲ ਬੈਂਕੁਇਟ ਹਾਲ ਵਿਖੇ ਪ੍ਰਸਿੱਧ ਪੰਜਾਬੀ ਲੇਖਕ ਸੁਖਿੰਦਰ ਦੀ ਸਮੀਖਿਆ ਦੀ ਕਿਤਾਬ “ਕੈਨੇਡੀਅਨ ਪੰਜਾਬੀ ਸਾਹਿਤ” ਲੇਖਕਾਂ ਅਤੇ ਬੁੱਧੀਜੀਵੀਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਗਈ। ਕੈਨੇਡਾ ਵਿੱਚ ਰਹਿਣ ਵਾਲੇ 57 ਪੰਜਾਬੀ ਲੇਖਕਾਂ, ਕਵੀਆਂ ਅਤੇ ਕਹਾਣੀਕਾਰਾਂ ਦੀਆਂ ਪੁਸਤਕਾਂ ‘ਤੇ ਰਚਨਾਵਾਂ ਅਤੇ ਉਨ੍ਹਾਂ ਦੇ ਜੀਵਨ ‘ਤੇ ਝਾਤ ਪਾਉਂਦੀ ਇਹ ਵੱਡਅਕਾਰੀ ਪੁਸਤਕ ਸੁਖਿੰਦਰ ਦੀ ਬੀਤੇ ਲੰਮੇ ਸਮੇ ਦੀ ਅਣਥਕ ਮਿਹਨਤ ਦਾ ਨਤੀਜਾ ਹੈ।ਇਸ ਸਮਾਗਮ ਦੀ ਸ਼ੁਰੂਆਤ ਮੰਚ ਸੰਚਾਲਕ ਮੇਜਰ ਸਿੰਘ ਨਾਗਰਾ ਨੇ ਸਾਰਿਆਂ ਮਹਿਮਾਨਾਂ ਦਾ ਸੁਆਗਤ ਕਰਦਿਆਂ ਕੀਤੀ। ਕੈਨੇਡੀਅਨ ਪੰਜਾਬੀ ਗਾਇਕ ਇਕਬਾਲ ਬਰਾੜ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਦੋ ਗ਼ਜ਼ਲਾਂ ਨਾਲ ਪ੍ਰੋਗ੍ਰਾਮ ਦੇ ਸ਼ੁਰੂ ਵਿੱਚ ਹੀ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ।

-----

ਇਸ ਪੁਸਤਕ ਰੀਲੀਜ਼ ਪ੍ਰੋਗ੍ਰਾਮ ਦੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਨਾਮਵਰ ਸ਼ਖ਼ਸੀਅਤਾਂ ਵਿੱਚ ਪ੍ਰੋਫੈਸਰ ਤਰਲੋਚਨ ਸਿੰਘ ਗਿੱਲ, ਡਾ. ਜਤਿੰਦਰ ਕੌਰ ਰੰਧਾਵਾ ਅਤੇ ਗੁਰਦੇਵ ਸਿੰਘ ਮਾਨ ਹਾਜ਼ਿਰ ਸਨ, ਜਿਨ੍ਹਾਂ ਨਾਲ ਲੇਖਕ ਸੁਖਿੰਦਰ ਵੀ ਮੰਚ ‘ਤੇ ਬਿਰਾਜਮਾਨ ਸਨ। ਸ. ਪੂਰਨ ਸਿੰਘ ਪਾਂਧੀ ਨੇ “ਕੈਨੇਡੀਅਨ ਪੰਜਾਬੀ ਸਾਹਿਤ” ਦੀ ਇਸ ਅਦੁੱਤੀ ਪੁਸਤਕ ਬਾਰੇ ਆਪਣਾ ਪਰਚਾ ਪੜ੍ਹਿਆ। ਗੁਰਦੇਵ ਸਿੰਘ ਮਾਨ ਨੇ ਲੇਖਕਾਂ ਨੂੰ ਪ੍ਰੋਤਸਾਹਨ ਦੇਣ ਅਤੇ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਖ਼ਰੀਦ ਕੇ ਪੜ੍ਹਨ ‘ਤੇ ਜ਼ੋਰ ਦਿੰਦਿਆਂ ਅਪੀਲ ਕੀਤੀ ਕਿ ਲੇਖਕ ਕਿਸੀ ਵੀ ਕੌਮ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਇਸ ਮੌਕੇ ਸੁਖਮਿੰਦਰ ਰਾਮਪੁਰੀ ਨੇ ਆਪਣਾ ਗੀਤ ਤਰੰਨੁਮ ਵਿੱਚ ਪੇਸ਼ ਕੀਤਾ। ਉਪਰੰਤ ਡਾ. ਰਵਿੰਦਰ ਕੌਰ ਚੀਮਾ ਨੇ “ਕੈਨੇਡੀਅਨ ਪੰਜਾਬੀ ਸਾਹਿਤ” ਪੁਸਤਕ ਬਾਰੇ ਆਪਣਾ ਪਰਚਾ ਪੜ੍ਹਿਆ ਅਤੇ ਇਸ ਸਮੀਖਿਆ ਦੀ ਕਿਤਾਬ ਦੀ ਸੂਖਮਤਾ ਨਾਲ ਪੜਚੋਲ ਕੀਤੀ। ਟੋਰੰਟੋ ਵਸਦੇ ਕਵੀ ਅਮਰੀਕ ਸਿੰਘ ਰਵੀ ਅਤੇ ਮੋਹਨ ਪਟਿਆਲਵੀ ਨੇ ਵੀ ਆਪਣੇ ਗੀਤ ਅਤੇ ਗ਼ਜ਼ਲਾਂ ਨਾਲ ਹਾਜ਼ਰੀ ਲਗਵਾਈ। ਹਰਜੀਤ ਬਾਜਵਾ ਨੇ ਆਪਣੀ ਕਵਿਤਾ “ਜਾਨਵਰ ਬਣੋ ਜਾਨਵਰ” ਪੇਸ਼ ਕਰਕੇ ਸਾਰਿਆਂ ਨੂੰ ਮੌਜੂਦਾ ਸਮਿਆਂ ‘ਚ ਇਨਸਾਨੀ ਰਿਸ਼ਤਿਆਂ ਵਿੱਚ ਆ ਰਹੇ ਨਿਘਾਰਾਂ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਸੁਰਜਨ ਜ਼ੀਰਵੀ ਨੇ ਵੀ “ਕੈਨੇਡੀਅਨ ਪੰਜਾਬੀ ਸਾਹਿਤ” ਬਾਰੇ ਅਤੇ ਸੁਖਿੰਦਰ ਦੀ ਲੇਖਣੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਿੰਦੀ ਦੀ ਕਵਿੱਤਰੀ ਭੁਵਨੇਸ਼ਵਰੀ ਪਾਂਡੇ ਨੇ ਵੀ ਸੁਖਿੰਦਰ ਨੂੰ ਵਧਾਈ ਦਿੱਤੀ। ਪਿਆਰਾ ਸਿੰਘ ਕੁੱਦੋਵਾਲ ਅਤੇ ਪ੍ਰਿੰਸੀਪਲ ਪਾਖਰ ਸਿੰਘ ਨੇ ਵੀ ਸੁਖਿੰਦਰ ਦੀ ਇਸ ਉੱਦਮ ਲਈ ਭਰਪੂਰ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਸ੍ਰੀ ਦੁੱਗਲ ਨੇ ਆਪਣੇ ਨਵੇਕਲੇ ਅੰਦਾਜ਼ ਵਿੱਚ ਵਧਾਈ ਸੰਦੇਸ਼ ਪੜ੍ਹਿਆ।

-----

ਇਸ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਨਾਹਰ ਸਿੰਘ ਔਜਲਾ, ਅਵਤਾਰ ਕੌਰ ਔਜਲਾ, ਚੇਤਨਾ ਤੋਂ ਸੁਰਿੰਦਰ ਪਾਮਾ, ਨੌਜਵਾਨ ਆਗੂ ਵਿਕਰਮਜੀਤ ਸਿੰਘ ਅੱਲਾਬਖ਼ਸ਼ , ਦਵਿੰਦਰ ਬਾਂਸਲ, ਦਲਜੀਤ ਸਿੰਘ ਸਕਾਈਡੋਮ ਆਟੋ, ਡਾ. ਵਰਿਆਮ ਸਿੰਘ ਸੰਧੂ, ਕਿਰਪਾਲ ਸਿੰਘ ਪੰਨੂ, ਅਮਰਜੀਤ ਮਾਨ, ਸੁਰਜੀਤ ਕੌਰ, ਵਕੀਲ ਕਲੇਰ ਅਤੇ ਹੋਰ ਕਈ ਪਤਵੰਤੇ ਹਾਜ਼ਰ ਹੋਏ। ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ ਤਰਲੋਚਨ ਸਿੰਘ ਗਿੱਲ ਨੇ ਪੰਜਾਬੀ ਪੁਸਤਕਾਂ ਨੂੰ ਲੋਕਾਂ ਦੇ ਹੱਥਾਂ ਤੱਕ ਪਹੁੰਚਾਉਣ ਬਾਰੇ ਗੰਭੀਰ ਵਿਚਾਰ ਦਿੱਤੇ। ਸਮਾਗਮ ਦੇ ਸਮਾਪਨ ‘ਤੇ ਸੁਖਿੰਦਰ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। “ਕੈਨੇਡੀਅਨ ਪੰਜਾਬੀ ਸਾਹਿਤ” ਪੁਸਤਕ ਪ੍ਰਾਪਤ ਕਰਨ ਲਈ ਸੁਖਿੰਦਰ ਨਾਲ 416 858 7077 ‘ਤੇ ਸੰਪਰਕ ਕੀਤਾ ਜਾ ਸਕਦਾਹੈ।

ਮਹਾਰਾਜਾ ਐਂਡ ਕੋਹਿਨੂਰ ਡਰਾਮਾ ਯਾਦਗਾਰੀ ਹੋ ਨਿੱਬੜਿਆ - ਰਿਪੋਰਟ













ਰਿਪੋਰਟ:- ਸ੍ਰ: ਤਰਲੋਚਨ ਸਿੰਘ ਦੁੱਗਲ ( ਯੂ.ਕੇ. )

ਬਰੈਡਫੋਰਡ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ : ਵਲੋਂ ਬੋਰਡ ਔਫ ਬਰੈਡਫੋਰਡ ਗੁਰਦੁਆਰਾਜ਼ ਦੇ ਮਾਇਕ ਸਹਿਯੋਗ ਨਾਲ਼ 27 ਜੂਨ ਦਿਨ ਐਤਵਾਰ ਨੂੰ ਸ਼ਾਮ ਦੇ ਤਿੰਨ ਵਜੇ ਮਹਾਰਾਜਾ ਐਂਡ ਕੋਹਿਨੂਰ ਨਾਟਕ ਅੰਗਰੇਜੀ ਭਾਸ਼ਾ ਵਿੱਚ ਖੇਡਿਆ ਗਿਆ ।ਵੈਸਟ ਯੌਰਕਸ਼ਾਇਰ ਵਿੱਚ ਪਹਿਲੀ ਵਾਰ ਇਹ ਡਰਾਮਾ ਦਿਖਾਇਆ ਗਿਆ ਜੋ ਕਿ ਐਂਗਲੋ ਸਿੱਖ ਹੈਰੀਟੇਜ ਟਰੇਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ ।ਦੂਰੋਂ ਨੇੜਿਓਂ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਆਏ ਹੋਏ ਤਕਰੀਬਨ 400 ਤੋਂ ਵੀ ਵੱਧ ਮਾਪਿਆਂ ਅਤੇ ਨੌਜੁਆਨ ਬੱਚਿਆਂ ਨੇ ਹਾਜ਼ਰੀ ਭਰੀ । 27 ਜੂਨ ਐਤਵਾਰ ਵਾਲ਼ੇ ਦਿਨ ਇੰਗਲੈਂਡ ਅਤੇ ਜਰਮਨੀ ਵਿਚਕਾਰ ਫੁੱਟਬਾਲ ਦਾ ਮੈਚ ਹੋਣ ਦੇ ਬਾਵਜੂਦ ਦਰਸ਼ਕਾਂ ਦੀ ਇਤਨੀ ਭਰਪੂਰ ਹਾਜ਼ਰੀ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਮਾਪੇ ਬੱਚਿਆਂ ਨੂੰ ਆਪਣੇ ਵਿਰਸੇ ਪ੍ਰਤੀ ਜਾਗਰਿਤ ਕਰਨ ਲਈ ਬਹੁਤ ਸੰਜੀਦਾ ਹਨ ਸਿਰਫ਼ ਉਪਰਾਲੇ ਕਰਨ ਦੀ ਜ਼ਰੂਰਤ ਹੈ ।

-----

ਰਿਸੈਪਸ਼ਨ ਮੋਕੇ ਆਏ ਹੋਏ ਮਹਿਮਾਨਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਸਮਾਪਤੀ ਮੌਕੇ ਚਾਹ ਪਕੌੜੇ ਅਤੇ ਸਮੋਸਿਆਂ ਦਾ ਸਭ ਨੇ ਆਨੰਦ ਮਾਣਿਆ । ਗੁਰਦੁਆਰਾ ਬੋਰਡ ਦੇ ਪ੍ਰਤੀਨਿਧਤਾ ਵਜੋਂ ਸ੍ਰ: ਰਣਵੀਰ ਸਿੰਘ ਰਾਏ ਚੇਅਰਮੈਨ, ਸ੍ਰ: ਪਰਮਿੰਦਰ ਸਿੰਘ ਜਨਰਲ ਸੈਕਟਰੀ, ਸ੍ਰ: ਬਲਵੰਤ ਸਿੰਘ ਲੱਲ ਅਤੇ ਸੁਖਦੇਵ ਸਿੰਘ ਨੇ ਹਾਜ਼ਰੀ ਭਰੀ। ਪ੍ਰੋਗਰਾਮ ਦੀ ਸ਼ੁਰੂਆਤ ਰਘਵੀਰ ਸਿੰਘ ਪਾਲ ਹੋਰਾਂ ਨੇ ਆਏ ਹੋਏ ਪਤਵੰਤੇ ਸਜਨਾਂ ਅਤੇ ਬੱਚਿਆਂ ਦੇ ਧੰਨਵਾਦ ਨਾਲ਼ ਕੀਤੀ । ਇਸ ਤੋਂ ਬਾਅਦ ਐਂਗਲੋ ਸਿੱਖ ਹੈਰੀਟੇਜ ਦੇ ਪ੍ਰਮੁੱਖ ਕਲਾਕਾਰ ਨੇ ਨਾਟਕ ਬਾਰੇ ਦਰਸ਼ਕਾਂ ਨੂੰ ਸੰਖੇਪ ਜਾਣਕਾਰੀ ਦਿੱਤੀ ਜਿਸਨੂੰ ਕਿ ਖ਼ਾਸ ਕਰਕੇ ਬੱਚਿਆਂ ਨੇ ਬਹੁਤ ਹੀ ਗੌਰ ਨਾਲ਼ ਸੁਣਿਆ। ਇਸ ਤੋਂ ਉਪਰੰਤ ਬਰਖੁਰਦਾਰ ਸ੍ਰ: ਜਸਜੀਤ ਸਿੰਘ ਜੋ ਕਿ ਬੀਕਾਸ ਸੰਸਥਾ ਦੇ ਸਹਿਯੋਗ ਨਾਲ਼ ਲੀਡਜ਼ ਯੂਨੀਵਰਸਟੀ ਤੋਂ ਪੀ. ਐਚ. ਡੀ. ਕਰ ਰਹੇ ਹਨ , ਨੇ ਸਿੱਖ ਧਰਮ ਅਤੇ ਬੱਚਿਆਂ ਦੀ ਆਪਣੀ ਪਹਿਚਾਣ ਵਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਸ੍ਰ: ਰਣਬੀਰ ਸਿੰਘ ਰਾਏ ਜੋ ਕਿ ਬੋਰਡ ਔਫ ਬਰੈਡਫੋਰਡ ਗੁਰਦੁਆਰਾਜ਼ ਦੇ ਚੇਅਰਮੈਨ ਹਨ, ਨੇ ਆਪਣੇ ਵਿਚਾਰ ਸਰੋਤਿਆਂ ਨਾਲ਼ ਸਾਂਝੇ ਕੀਤੇ ਅਤੇ ਬੀਕਾਸ ਵਲੋਂ ਨੌਜੁਆਨ ਬੱਚਿਆਂ ਲਈ ਕੀਤੇ ਜਾ ਰਹੇ ਉੱਦਮ ਉਪਰਾਲਿਆਂ ਦੀ ਸਲਾਹਨਾ ਕੀਤੀ। ਉਹਨਾਂ ਆਖਿਆ ਕਿ ਬੀਕਾਸ ਸੰਸਥਾ ਨੇ ਇਸ ਨਾਟਕ ਦਾ ਪ੍ਰਬੰਧ ਕਰਕੇ ਬੱਚਿਆਂ ਨੂੰ ਆਪਣੇ ਵਿਰਸੇ ਤੋਂ ਜਾਣੂੰ ਕਰਵਾਉਣ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਅਤੇ ਅੱਗੇ ਵਾਸਤੇ ਵੀ ਇਹੋ ਜੇਹੇ ਕਾਰਜਾਂ ਲਈ ਬੋਰਡ ਔਫ ਬਰੈਡਫੋਰਡ ਗੁਰਦੁਆਰਾਜ਼ ਮਾਲੀ ਸਹਾਇਤਾ ਕਰਨ ਲਈ ਵਚਨਬੱਧ ਹੈ । ਇਸ ਤੋਂ ਉਪਰੰਤ ਸ੍ਰ: ਪਰਮਿੰਦਰ ਸਿੰਘ ਜਨਰਲ ਸੈਕਟਰੀ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਬੀਕਾਸ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਜੋ ਕੌਮਾਂ ਆਪਣੇ ਇਤਹਾਸ ਅਤੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ, ਉਹ ਹੌਲ਼ੀ ਹੌਲ਼ੀ ਦੁਨੀਆਂ ਦੇ ਨਕਸ਼ੇ ਤੋਂ ਅਲੋਪ ਹੋ ਜਾਂਦੀਆਂ ਹਨ ਇਸ ਲਈ ਬਰੈਡਫੋਰਡ ਹੀ ਨਹੀਂ ਬਲਕਿ ਸਾਰੇ ਵੈਸਟ ਯੌਰਕਸ਼ਾਇਰ ਵਾਸਤੇ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ਼ ਬੀਕਾਸ ਇਕ ਐਸੀ ਸੰਸਥਾ ਹੈ ਜੋ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਆਉਣ ਵਾਲ਼ੀ ਪੀੜ੍ਹੀ ਦੇ ਭਵਿੱਖ ਬਾਰੇ ਅਗਾਂਹ ਵਧੂ ਸੋਚ ਰੱਖਦੇ ਹਨ, ਇਸ ਲਈ ਬੀਕਾਸ ਕਮੇਟੀ ਦੇ ਸਾਰੇ ਮੈਂਬਰ ਧੰਨਵਾਦ ਦੇ ਪਾਤਰ ਹਨ ।

-----

ਇਸ ਤੋਂ ਬਾਅਦ 3-30 ਵਜੇ ਤੋਂ 4-30 ਵੱਜੇ ਤੱਕ ਮਹਾਰਾਜਾ ਐਂਡ ਕੋਹਿਨੂਰ ਨਾਟਕ ਦਾ ਦਰਸ਼ਕਾਂ ਨੇ ਆਨੰਦ ਮਾਣਿਆ । ਨੌਜੁਆਨ ਬੱਚੇ ਬੜੇ ਗੌਹ ਨਾਲ਼ ਸਿੱਖਾਂ ਦੇ ਆਖਰੀ ਬਾਦਸ਼ਾਹ ਦਲੀਪ ਸਿੰਘ ਦੀ ਜੀਵਨੀ ਬਾਰੇ ਜਾਣਕਾਰੀ ਹਾਸਲ ਕਰ ਰਹੇ ਸਨ । ਨਾਟਕ ਪੇਸ਼ ਕਰਨ ਵਾਲ਼ੇ ਕਲਾਕਾਰਾਂ ਦੀ ਪੇਸ਼ਕਾਰੀ ਬਹੁਤ ਹੀ ਕਮਾਲ ਦੀ ਸੀ, ਸਾਰਿਆਂ ਨੇ ਆਪਣੇ ਆਪਣੇ ਰੋਲ ਬਹੁਤ ਵਧੀਆ ਢੰਗ ਨਾਲ਼ ਨਿਭਾਏ ।

-----

ਨਾਟਕ ਦੀ ਸਮਾਪਤੀ ਤੋਂ ਬਾਅਦ ਨੌਜੁਆਨ ਬੱਚਿਆਂ ਲਈ ਇੱਕ ਵਰਕਸ਼ਾਪ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਬੱਚਿਆਂ ਵਲੋਂ ਹੈਰਾਨਕੁੰਨ ਪ੍ਰਸ਼ਨ ਪੁੱਛੇ ਗਏ ਜਿਹਨਾਂ ਦੇ ਕਲਾਕਾਰਾਂ ਨੇ ਬੜੇ ਹੀ ਅੱਛੇ ਤਰੀਕੇ ਨਾਲ਼ ਉੱਤਰ ਦਿੱਤੇ । ਇਸ ਤੋਂ ਸਿੱਧ ਹੁੰਦਾ ਸੀ ਕਿ ਬੱਚਿਆਂ ਨੇ ਵਾਕਿਆ ਹੀ ਨਾਟਕ ਨੂੰ ਬੜੇ ਗੌਰ ਨਾਲ਼ ਦੇਖਿਆ ਹੋਵੇਗਾ । ਕਲਾਕਾਰ ਖੁੱਦ ਵੀ ਹੈਰਾਨ ਸਨ ਕਿ ਕਿਵੇਂ ਸਾਰੇ ਦਰਸ਼ਕ ਅਤੇ ਖ਼ਾਸ ਕਰ ਬੱਚੇ ਨਾਟਕ ਦੀ ਪ੍ਰਦਰਸ਼ਨੀ ਦੌਰਾਨ ਚੁੱਪ ਚਾਪ ਬੈਠੇ ਹੋਏ ਸਨ । ਬੀਕਾਸ ਕਮੇਟੀ ਵਲੋਂ ਸਿੱਖ ਇਤਹਾਸ ਨੂੰ ਨਾਟਕ ਰਾਹੀਂ ਦਰਸਾਉਣ ਦਾ ਇਹ ਪਹਿਲਾ ਯਤਨ ਸੀ ।

-----

ਬੀਕਾਸ ਸੰਸਥਾ ਦੇ ਸਮੂਹ ਕਮੇਟੀ ਮੈਂਬਰ ਸੱਭ ਤੋਂ ਪਹਿਲਾਂ ਬੋਰਡ ਔਫ ਬਰੈਡਫੋਰਡ ਗੁਰਦੁਆਰਾਜ਼ ਦਾ ਧੰਨਵਾਦ ਕਰਦੇ ਹਨ ਖਾਸ ਕਰਕੇ ਸ੍ਰ: ਰਣਵੀਰ ਸਿੰਘ ਰਾਏ, ਜਿਹਨਾਂ ਨੇ ਬੀਕਾਸ ਦੀ ਬੇਨਤੀ ਨੂੰ ਪ੍ਰਮਾਣਿਤ ਕੀਤਾ। ਐਂਗਲੋ ਸਿੱਖ ਹੈਰੀਟਿਜ਼ ਟਰੇਲ ਦੇ ਮੈਂਬਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ।ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਸ੍ਰ: ਮੋਤਾ ਸਿੰਘ ਸਰਾਏ ਕੁੱਝ ਘਰੇਲੂ ਰੁਝੇਵਿਆਂ ਕਰਕੇ ਪਹੁੰਚ ਨਹੀਂ ਸਕੇ, ਪਰ ਉਹਨਾਂ ਨੇ ਬੀਕਾਸ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਭੇਜੀਆਂ ।ਪੰਜਾਬੀ ਸੱਥ ਵਲੋਂ ਆਈਆਂ ਹੋਈਆਂ ਕਿਤਾਬਾਂ ਅਤੇ ਕਸ਼ਮੀਰ ਸਿੰਘ ਘੁੰਮਣ ਦੀ ਕਿਤਾਬ “ਘੁੰਮਣ ਘੇਰੀਆਂ” ਦਾ ਸਟਾਲ ਲਗਾਇਆ ਗਿਆ ਇਸ ਕਾਰਜ ਲਈ ਬੀਕਾਸ ਸੰਸਥਾ ਉਹਨਾਂ ਦੀ ਅਤੀ ਧੰਨਵਾਦੀ ਹੈ।ਬਰੈਡਫੋਰਡ ਗੁਰਦੁਆਰਾ ਬੋਰਡ ਦੇ ਜਨਰਲ ਸੈਕਟਰੀ ਸ੍ਰ: ਪਰਮਿੰਦਰ ਸਿੰਘ ਜੀ, ਸ੍ਰ: ਬਲਵੰਤ ਸਿੰਘ ਲੱਲ ਪ੍ਰਧਾਨ ਗੁਰਦੁਆਰਾ ਰਾਮਗੜ੍ਹੀਆ, ਬੋਲਟਨ ਰੋਡ ਹੋਰਾਂ ਨੇ ਭੋਜਨ ਦੀ ਸੇਵਾ ਆਪਣੇ ਜੁੰਮੇ ਲੈ ਕੇ ਸੰਸਥਾ ਨੂੰ ਧੰਨਵਾਦੀ ਬਣਾਇਆ । ਪ੍ਰਿੰਟ ਪਲੱਸ, ਸੋਨਿਕ ਸਾਉਂਡ, ਫੋਟੋਗ੍ਰਾਫਰ ਕਸ਼ਮੀਰੀ ਲਾਲ ਗੋਗਨਾ ਲੀਡਜ਼ ਅਤੇ ਵੈਨਟਨਰ ਹਾਲ ਦੇ ਪ੍ਰਬੰਧਕਾਂ ਦਾ ਧੰਨਵਾਦ । ਬੀਕਾਸ ਸੰਸਥਾ ਵਲੋਂ ਦਰਸ਼ਕਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਜਿਹਨਾਂ ਨੇ ਉਤਸ਼ਾਹ ਨਾਲ਼ ਹਾਜ਼ਰੀ ਭਰ ਕੇ ਪ੍ਰੋਗਰਾਮ ਨੂੰ ਸਫ਼ਲ ਬਣਾਇਆ ।

Tuesday, July 6, 2010

ਫ਼ਕੀਰ ਈਸ਼ਵਰ ਦਾਸ ਦੀ ਪੁਸਤਕ ‘ਉਠ ਫ਼ਕੀਰਾ ਸੁੱਤਿਆ’ ਰਿਲੀਜ਼ ਹੋਈ - ਰਿਪੋਰਟ




ਫੋਟੋ ਕੈਪਸ਼ਨ: 1) ਸ੍ਰ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਫਕੀਰ ਈਸ਼ਵਰਦਾਸ ਦੀ ਪੁਸਤਕ ‘ਉਠ ਫ਼ਕੀਰਾ ਸੁੱਤਿਆ’ ਰਿਲੀਜ਼ ਕਰਦੇ ਹੋਏ ਫ਼ਕੀਰ ਜੀ ਤੇ ਡਾ. ਭਗਵੰਤ ਸਿੰਘ। 2) ਮੁੱਖ ਮੰਤਰੀ ਗੁਰਦੇਵ ਸਿੰਘ ਮਾਨ ਜੀਵਨ ਤੇ ਰਚਨਾ ਬਾਰੇ ਜਾਣਕਾਰੀ ਲੈਂਦੇ ਹੋਏ

*****

ਰਿਪੋਰਟ: ਸੰਦੀਪ ਸਿੰਘ

ਚੰਡੀਗੜ੍ਹ : ਫਕੀਰ ਈਸ਼ਵਰ ਦਾਸ ਸ਼ਾਹ ਗ਼ੁਲਾਮ ਪੰਜਾਬੀ ਸਾਹਿਤ ਸਭਿਆਚਾਰ ਲਈ ਪਿਛਲੇ ਸਮੇਂ ਤੋਂ ਨਿਰੰਤਰ ਆਪਣੀ ਸ੍ਰਿਜਣਾਤਮਕਤਾ ਨਾਲ ਯੋਗਦਾਨ ਪਾ ਰਹੇ ਹਨ। ਢਾਈ ਦਰਜਨ ਦੇ ਕਰੀਬ ਪੁਸਤਕਾਂ ਹਿੰਦੀ, ਪੰਜਾਬੀ ਅਤੇ ਅੰਗ੍ਰੇਜ਼ੀ ਵਿੱਚ ਰਚਕੇ ਪੰਜਾਬੀਅਤ ਦੇ ਸੰਕਲਪਾਂ ਨੂੰ ਉਭਾਰ ਰਹੇ ਹਨ। ਅਧਿਆਤਮਕ ਪੱਧਰ ਤੇ ਸੂਫ਼ੀ ਰਹੱਸ ਦੀਆਂ ਤਰਜ਼ਾਂ ਨੂੰ ਛੇੜਨ ਲਈ ਫ਼ਕੀਰ ਜੀ ਨੇ ਕਾਫੀ ਕਾਵਿ ਰੂਪ ਦੀ ਵਰਤੋਂ ਕੀਤੀ ਹੈ। ਇਸ ਵਿਧਾ ਵਿਚ ਉਨ੍ਹਾਂ ਦੀ ਨਵੀਂ ਪੁਸਤਕ ‘ਉੱਠ ਫਕੀਰਾ ਸੁੱਤਿਆ’ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਬਹੁਤ ਸੂਖ਼ਮਤਾ ਸਹਿਤ ਉਭਾਰ ਰਹੀ ਹੈ। ਇਸ ਪੁਸਤਕ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਅਰਪਣ ਕੀਤਾ।

-----

ਮੁੱਖ ਮੰਤਰੀ ਜੀ ਨੇ ਕਿਹਾ ਕਿ ‘‘ਇਸ ਪੁਸਤਕ ਵਿਚ ਫ਼ਕੀਰ ਜੀ ਨੇ ਹੱਕ, ਸੱਚ, ਇਨਸਾਫ਼ ਲਈ ਆਪਣੀ ਆਵਾਜ਼ ਨੂੰ ਸੁਹਜਭਾਵੀ ਢੰਗ ਨਾਲ ਸਰਲ ਤੇ ਸਪੱਸ਼ਟ ਭਾਸ਼ਾ ਵਿਚ ਪੰਜਾਬੀ ਵਿਰਸੇ ਦੇ ਅਨੁਸਾਰ ਬੁਲੰਦ ਕੀਤਾ ਹੈ। ਸੂਫ਼ੀ ਫ਼ਕੀਰ ਨੇ ਸਮੇਂ, ਸਮਾਜ ਅਤੇ ਸਭਿਆਚਾਰ ਵਿਚ ਫੈਲ ਰਹੀਆਂ ਕੁਰੀਤੀਆਂ ਅਤੇ ਮਨੁੱਖੀ ਗਿਰਾਵਟ ਉੱਪਰ ਬਹੁਤ ਤਿੱਖਾ ਵਿਅੰਗ ਕੀਤਾ ਹੈ। ਅਜਿਹੀਆਂ ਪੁਸਤਕਾ ਦੀ ਅਜੋਕੇ ਸਮੇਂ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਹੁਤ ਲੋੜ ਹੈ। ਗਿਆਨ ਭਰਪੂਰ ਪੁਸਤਕਾਂ ਸਮਾਜ ਨੂੰ ਸੇਧ ਦੇਣ ਵਾਲੀਆਂ ਹਨ। ਰੌਸ਼ਨ ਦਿਮਾਗ਼ ਸਾਹਿਤਕਾਰ ਅਤੇ ਬੁੱਧੀਜੀਵੀ ਹਮੇਸ਼ਾਂ ਲੋਕਾਂ ਅਤੇ ਸਰਕਾਰ ਦੀ ਪ੍ਰਸੰਸਾ ਦੇ ਹੱਕਦਾਰ ਹੁੰਦੇ ਹਨ। ਮੈਂ ਫ਼ਕੀਰ ਜੀ, ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਪ੍ਰਬੰਧਕਾਂ ਨੂੰ ਵਧੀਆ ਪੁਸਤਕਾਂ ਲਿਖਣ ਤੇ ਛਾਪਣ ਉਪਰ ਮੁਬਾਰਕਬਾਦ ਦਿੰਦਾ ਹਾਂ। ਉਨ੍ਹਾਂ ਨੇ ਫ਼ਕੀਰ ਜੀ ਵੱਲੋਂ ਸੂਫ਼ੀਆਨਾ ਕਲਾਮ ਦੀ ਪੁਨਰ ਸੁਰਜੀਤੀ ਲਈ ਕੀਤੇ ਯਤਨਾ ਬਾਰੇ ਪੂਰੀ ਹੱਲਾਸ਼ੇਰੀ ਦਿੱਤੀ ਅਤੇ ਕਿਹਾ ਕਿ ਅਜੋਕੇ ਸਮੇਂ ਵਿਚ ਇਹ ਕਾਰਜ ਬਹੁਤ ਹੀ ਤਰਕਸੰਗਤ ਹਨ।

-----

ਇਸ ਅਵਸਰ ਤੇ ਜਾਗੋ ਇੰਟਰਨੈਸ਼ਨਲ ਮੁੱਖ ਸੰਪਾਦਕ ਡਾ. ਭਗਵੰਤ ਸਿੰਘ, ਗਿੱਲ ਮੋਰਾਂਵਲੀ ਦੁਆਰਾ ਸੰਪਾਦਿਤ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਛਾਪੀ ਗਈ ਪੁਸਤਕ ‘‘ਗੁਰਦੇਵ ਸਿੰਘ ਮਾਨ ਜੀਵਨ ਤੇ ਰਚਨਾ’’ ਅਤੇ ਜਾਗੋ ਇੰਟਰਨੈਸ਼ਨਲ ਦਾ ਪੰਜਾਬੀ ਭਾਸ਼ਾ ਵਿਸ਼ੇਸ਼ ਅੰਕ ਮੁੱਖ ਮੰਤਰੀ ਜੀ ਨੂੰ ਭੇਂਟ ਕੀਤਾ ਗਿਆ। ਮੁੱਖ ਮੰਤਰੀ ਜੀ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਲਈ ਇਨ੍ਹਾਂ ਪੁਸਤਕਾਂ ਦੀ ਵੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਇਨ੍ਹਾਂ ਨੂੰ ਪੰਜਾਬੀ ਖੋਜ ਦੇ ਬਾਹਰਮੁਖੀ ਅਤੇ ਬੁਨਿਆਦੀ ਦਸਤਾਵੇਜੀ ਪੁਸਤਕਾਂ ਦੱਸਿਆ। ਡਾ. ਭਗਵੰਤ ਸਿੰਘ ਨੇ ਸੈਂਟਰ ਅਤੇ ਜਾਗੋ ਇੰਟਰਨੈਸ਼ਨਲ ਦੇ ਖੋਜ ਪ੍ਰਾਜੈਕਟਾਂ ਦੀ ਜਾਣਕਾਰੀ ਮਾਣਯੋਗ ਮੁੱਖ ਮੰਤਰੀ ਜੀ ਨੂੰ ਦਿੱਤੀ।

Monday, July 5, 2010

ਜਾਰਜ ਮੈਕੀ ਲਾਇਬ੍ਰੇਰੀ ਵਿਖੇ ‘ਇੱਕ ਸ਼ਾਮ ਕਵੀਆਂ ਦੇ ਨਾਮ’ ਸਫ਼ਲ ਰਹੀ - ਰਿਪੋਰਟ

ਰਿਪੋਰਟ: ਬਿੱਕਰ ਸਿੰਘ ਖੋਸਾ

ਮੰਗਲਵਾਰ, ਜੂਨ 29: ਸਰਬਜੀਤ ਕੌਰ ਰੰਧਾਵਾ ਅਤੇ ਸ੍ਰ:ਸਰਵਨ ਸਿੰਘ ਰੰਧਾਵਾ ਜੋ ਕਿ ਇੱਥੇ ਲੋਅਰ ਮੇਨਲੈਂਡ ਵਿੱਚ ਲਾਇਬ੍ਰੇਰੀ ਵਿੱਚ ਸੇਵਾਵਾਂ ਨਿਭਾ ਰਹੇ ਹਨ ਵਲੋਂ ਪੰਜਾਬੀ ਬੋਲੀ ਅਤੇ ਸਾਹਿਤ ਨਾਲ ਪਿਆਰ ਜਤਾਉਂਦਿਆਂ ਜੋ ਵੱਡਾ ਉੱਦਮ ਪੰਜਾਬੀ ਕਵਿਤਾ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਅੱਜ ਉਸ ਦਾ ਦੂਜਾ ਸਮਾਗਮ ਜਾਰਜ ਮੈਕੀ ਲਾਇਬ੍ਰੇਰੀ, ਨਾਰਥ ਡੈਲਟਾ ਵਿਖੇ ਜੂਨ 29, 2010 ਦਿਨ ਮੰਗਲਵਾਰ ਨੂੰ ਲੋਕਾਂ ਦੀ ਭਰਪੂਰ ਹਾਜ਼ਰੀ ਵਿੱਚ ਸ਼ਾਮੀਂ 6.30 ਵਜੇ ਸ਼ੁਰੂ ਹੋਇਆ।ਜਿਸ ਵਿੱਚ ਕਵੀ ਗਿੱਲ ਮੋਰਾਂਵਾਲੀ ਅਤੇ ਸ੍ਰਦਾਰ ਗਿਆਨ ਸਿੰਘ ਕੋਟਲੀ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਪੁੱਜਣ ਵਾਲੀਆਂ ਸਤਿਕਾਰਤ ਹਸਤੀਆਂ ਵਿੱਚ ਸ੍ਰਦਾਰ ਰਘਬੀਰ ਸਿੰਘ ਬੈਂਸ ਅਤੇ ਸ੍ਰ. ਜਗਰੂਪ ਸਿੰਘ ਬਰਾੜ ਵੀ ਮੌਕੇ ਤੇ ਹਾਜ਼ਿਰ ਸਨ।ਸਰਬਜੀਤ ਕੌਰ ਰੰਧਾਵਾ ਨੇ ਇਸ ਮਹਿਫ਼ਿਲ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹੋਏ ਸਭ ਤੋਂ ਪਹਿਲਾਂ ਗਿੱਲ ਮੋਰਾਂਵਾਲੀ ਦੀ ਜਾਣ-ਪਹਿਚਾਣ ਕਰਵਾਉਂਦੇ ਹੋਏ ਉਨ੍ਹਾ ਨੂੰ ਸਟੇਜ ਤੇ ਸੱਦਿਆ।ਗਿੱਲ ਮੋਰਾਂਵਾਲੀ ਨੇ ਆਪਣੇ ਸਾਹਿਤਕ ਦਾਇਰੇ ਦੀ ਪਹਿਚਾਣ ਦੱਸਦਿਆਂ ਆਪਣੇ ਪਹਿਲਾਂ ਲਿਖੇ ਗੀਤਾਂ ਤੋਂ ਅੱਜ ਦੇ ਦੌਰ ਦਾ ਆਰੰਭ ਕੀਤਾ।ਉਨ੍ਹਾਂ ਦੇ ਗੀਤ ਦੇ ਬੋਲ ਸਨ ਪਿਆਰ ਦੀ ਸੁਗਾਤ ਮਾਏ ਕਿੱਥੇ ਮੈਂ ਲੁਕਾ ਕੇ ਰੱਖਾਂ, ਇਹਦੇ ਵਿੱਚੋਂ ਆਵੇ ਖ਼ੁਸ਼ਬੋ। ਇਸ ਪਿੱਛੋਂ ਉਨ੍ਹਾਂ ਵਲੋਂ ਹੇਠ ਲਿਖੀਆਂ ਗ਼ਜ਼ਲਾਂ ਪੜ੍ਹੀਆਂ ਗਈਆਂ:

-ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਮੈਂ ਸੂਲੀ ਤੇ ਚੜ੍ਹਾਈ ਬੈਠਾ ਹਾਂ

......

-ਅਸੀਂ ਉਸ ਤੋਂ ਮੁੱਖ ਛੁਪਾ ਕੇ ਰੋਏ

.....

-ਦਿਲ ਦਾ ਦੁੱਖ ਹੋਰ ਹੈ ਦਿਲ ਦਾ ਦਰਦ ਹੋਰ ਹੁਣ ਸਤਾਉਂਦੇ ਬੜਾ ਨੇ

......

-ਜਿਹੜੇ ਸੱਚ ਨੂੰ ਪਾ ਲੈਂਦੇ ਨੇ

......

-ਸੁਣਦਾ ਹਾਂ ਮੈਂ ਸਵਾਲ ਸਭ ਦੇ ਸੁਣਦਾ ਨਾ ਕੋਈ ਜਵਾਬ ਮੇਰਾ

......

ਅੰਤ ਵਿੱਚ ਉਹਨਾਂ ਨੇ ਆਪਣੀ ਬਹੁ ਪ੍ਰਵਾਨਤ ਕਾਵਿ-ਵਿਧੀ ‘ਦੋਹੇ’ ਸੁਣਾਉਂਦਿਆਂ ਔਰਤ ਅਤੇ ਧੀ ਦੇ ਨਾਲ ਸਬੰਧਿਤ ਪੁਸਤਕਾਂ ਵਿੱਚੋਂ ਦੋਹੇ ਸੁਣਾ ਕੇ ਵੱਖਰਾ ਹੀ ਰੰਗ ਬੰਨ੍ਹਿਆ।

-----

ਦੂਜੇ ਚਰਚਿਤ ਸ਼ਾਇਰ ਸਰਦਾਰ ਗਿਆਨ ਸਿੰਘ ਕੋਟਲੀ ਨੇ ਇਸ ਮਹੀਨੇ ਨਾਲ ਸਬੰਧਿਤ ਖ਼ਾਸ ਦਿਨਾਂ ਨਾਲ ਜੁੜੀਆਂ ਆਪਣੀਆਂ ਨਿੱਗਰ ਰਚਨਾਵਾਂ ਲੜੀਵਾਰ ਪੇਸ਼ ਕੀਤੀਆਂ ਜਿਨ੍ਹਾਂ ਵਿੱਚ ਹੇਠ ਲਿਖੀਆਂ ਕਵਿਤਾਵਾਂ ਸ਼ਾਮਿਲ ਸਨ:

ਸ਼ੇਰ ਬੱਬਰ ਦੇ ਜੀਂਦੇ ਜੀਅ ਤੂੰ ਸੱਤਲੁੱਜ ਵੱਲ ਨੂੰ ਆ ਨਹੀਂ ਸਕਦਾ (ਮਹਾਂਰਾਜਾ ਰਣਜੀਤ ਸਿੰਘ ਬਾਰੇ)

.......

ਤੇਰੇ ਵਾਗੂੰ ਅਰਸ਼ੀ ਦਾਤਾ, ਹੋਰ ਕਿਸੇ ਕੁਰਬਾਨ ਨਹੀਂ ਹੋਣਾ (ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ)

......

ਭਾਵੇਂ ਸੁਹਣਾ-2 ਲੱਗਦਾ ਫੁੱਲਾਂ ਦੀ ਗੁਲਜ਼ਾਰ ਕੈਨੇਡਾ ਪਰ ਫੁੱਲਾਂ ਦੇ ਨਾਲੇ ਵੱਸਦੇ ਹੈਗੇ ਵੀ ਨੇ ਖ਼ਾਰ ਕੈਨੇਡਾ-ਕਨੇਡਾ ਦੇ ਸਭਿਆਚਾਰਕ ਰੰਗ ਦਰਸਾਉਂਦੀ ਹੋਈ ਕਵਿਤਾ

......

ਦੁਨੀਆਂ ‘ਤੇ ਬਣਕੇ ਆਵੇ ਰਾਹਗੀਰ ਜਿੰਦਗੀ ਦਾ -ਗੁਰੂ ਗੋਬਿੰਦ ਸਿੰਘ ਜੀ ਬਾਰੇ ਕਵਿਤਾ

.....

ਨੇਕ ਕਮਾਈ-ਕਮਾਈ ਕਰਨ ਤੇ ਸੁਚੱਜੀ ਜੀਵਨ ਜਾਂਚ ਦੀਆਂ ਕਵਿਤਾਵਾਂ

ਅੰਤ ਵਿੱਚ ਉਹਨਾਂ ਨੇ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਨੂੰ ਦਰਸਾਉਦੀਆਂ ਹਾਸਿਆਂ ਭਰਭੂਰ ਕਵਿਤਾਵਾਂ ਸੁਣਾਉਦਿਆਂ ਆਪਣਾ ਕਾਵਿ ਰਚਨਾਵਾਂ ਪੜ੍ਹਨ ਦਾ ਦੌਰ ਸਮਾਪਤ ਕੀਤਾ।

-----

ਇਸ ਤੋਂ ਇਲਾਵਾ ਪ੍ਰੋਗਰਾਮ ਨੂੰ ਸਮਾਪਤ ਕਰਨ ਤੋਂ ਪਹਿਲਾਂ ਸਰਬਜੀਤ ਕੌਰ ਰੰਧਾਵਾ ਨੇ ਆਪਣੇ ਪਿੱਛੇ ਪੰਜਾਬ ਵਿੱਚ ਰਹਿ ਗਏ ਆਪਣੇ ਘਰ ਦੀ ਯਾਦ ਵਿੱਚ ਲਿਖੀ ਬੜੀ ਹੀ ਭਾਵੁਕ ਗੀਤ “ਅੱਜ ਵੀ ਯਾਦ ਮੇਰੀ ਵਿੱਚ ਵੱਸਿਆ ਮੇਰੇ ਬੰਦ ਘਰ ਦਾ ਸਿਰਨਾਵਾਂ” ਸੁਣਾਈ ਜਿਸ ਦਾ ਹਰ ਲਫ਼ਜ਼ ਦਿਲ ਨੂੰ ਟੁੰਬਣ ਵਾਲਾ ਸੀ ।ਉਹਨਾ ਦੀ ਇਸ ਕਵਿਤਾ ਨੂੰ ਸਾਰਿਆ ਵਲੋਂ ਬੜੀ ਹੀ ਦਾਦ ਮਿਲੀ।ਪ੍ਰੋਗਰਾਮ ਦੇ ਅਖੀਰ ਵਿੱਚ ਉਹਨਾਂ ਵਲੋਂ ਅਤੇ ਸਰਦਾਰ ਸਰਵਨ ਸਿੰਘ ਰੰਧਾਵਾ ਵਲੋਂ ਅੱਜ ਦੇ ਸਮਾਗਮ ਵਿੱਚ ਆਉਂਣ ਵਾਲੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਿਥੇ ਸਮੇਂ ਤੇ 8:15 ਵਜੇ ਇਹ ਪ੍ਰੋਗਰਾਮ ਸਮਾਪਿਤ ਹੋ ਗਿਆ।ਇਸ ਤਰ੍ਹਾਂ ਇਹ ਪੋਗਰਾਮ ਬੜਾ ਹੀ ਸਾਰਥਕ ਹੋ ਨਿੱਬੜਿਆ।







Saturday, June 5, 2010

ਬਰੈਡਫੋਰਡ ਯੂ.ਕੇ. ਵਿਖੇ ਕਸ਼ਮੀਰ ਸਿੰਘ ਘੁੰਮਣ ਦੀ ਕਾਵਿ ਪੁਸਤਕ ਰਿਲੀਜ਼ - ਰਿਪੋਰਟ


ਬਰੈਡਫੋਰਡ ਯੂ.ਕੇ. ਵਿਖੇ ਕਰਵਾਏ ਗਏ ਕਵੀ ਦਰਬਾਰ ‘ਚ ਕਸ਼ਮੀਰ ਸਿੰਘ ਘੁੰਮਣ ਦੀ ਕਾਵਿ ਪੁਸਤਕ ਰਿਲੀਜ਼

ਰਿਪੋਰਟ: ਸ੍ਰ: ਤਰਲੋਚਨ ਸਿੰਘ ਦੁੱਗਲ ( ਯੂ.ਕੇ.)

ਬਰੈਡਫੋਰਡ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਔਫ ਸਿੱਖਸ ਵਲੋਂ 15 ਮਈ 2010 ਦਿਨ ਸ਼ਨਿਚਰਵਾਰ ਨੂੰ 22ਵਾਂ ਕਵੀ ਦਰਬਾਰ ਵੈਂਟਨਰ ਹਾਲ, ਬਰੈਡਫੋਰਡ, ਯੌਰਕਸ਼ਾਇਰ ਵਿਖੇ ਕਰਵਾਇਆ ਗਿਆ। ਮੁੱਖ ਮਹਿਮਾਨਾਂ ਵਜੋਂ ਯੂਰਪ ਦੀ ਪੰਜਾਬੀ ਸੱਥ ਦੇ ਮੁੱਖ ਸੰਚਾਲਕ ਸ੍ਰ: ਮੋਤਾ ਸਿੰਘ ਸਰਾਏ ਜੀ, ਫਰਾਂਸ ਤੋਂ ਬੀਬੀ ਕੁਲਵੰਤ ਕੌਰ ਚੰਨ ਆਪਣੇ ਪਤੀ ਸ੍ਰ: ਰਣਜੀਤ ਸਿੰਘ ਚੰਨ ਅਤੇ ਸਪੁੱਤਰ ਸ੍ਰ: ਹਸਪਿੰਦਰਜੀਤ ਸਿੰਘ ਹੋਰਾ ਦੇ ਨਾਲ਼ ਆਏ ਹੋਏ ਸਨ ਅਤੇ ਪੰਜਾਬ ਰੇਡੀਓ ਲੰਡਨ ਦੇ ਸ੍ਰਪ੍ਰਸਤ ਸ੍ਰ: ਸੁਰਜੀਤ ਸਿੰਘ ਘੁੰਮਣ ਜੀ ਹੋਰੀਂ ਵੀ ਮੌਕੇ ਦੀ ਰੌਣਕ ਨੂੰ ਵਧਾਉਣ ਲਈ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ਇਹ ਕਵੀ ਦਰਬਾਰ ਪੰਜਾਬ ਰੇਡੀਓ ਲੰਡਨ ਤੋਂ ਤਿੰਨ ਵਜੇ ਤੋਂ ਛੇ ਵਜੇ ਤੱਕ ਸਿੱਧਾ ਪ੍ਰਸਾਰਿਤ ਕੀਤਾ ਗਿਆ।

-----

ਸ਼ੁਰੂਆਤ ਵਿੱਚ ਜਨਰਲ ਸਕੱਤਰ ਸ੍ਰ: ਰਘਵੀਰ ਸਿੰਘ ਪਾਲ ਹੋਰਾਂ ਨੇ ਹਾਜਰੀਨ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ ਅਤੇ ਬੀਬੀ ਨਰਿੰਦਰ ਕੌਰ ਸੁੰਮਨ ਹੋਰਾਂ ਦੀ ਯਾਦ ਵਿੱਚ ਸਾਰਿਆਂ ਨੇ ਇੱਕ ਮਿੰਟ ਲਈ ਮੋਨ ਧਾਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਅਰਪਨ ਕੀਤੀ ਗਈ । ਉਪਰੰਤ ਬੀਕਾਸ ਸੰਸਥਾ ਦੇ ਪ੍ਰਧਾਨ ਸ੍ਰ: ਤਰਲੋਚਨ ਸਿੰਘ ਦੁੱਗਲ ਹੋਰਾਂ ਨੇ ਸੰਸਥਾ ਦੇ ਮੁੱਖ ਉਦੇਸ਼ ਅਤੇ ਕਾਰਗੁਜ਼ਾਰੀਆਂ ਵਾਰੇ ਚਾਨਣਾ ਪਾਇਆ । ਕਵੀ ਦਰਬਾਰ ਦੀ ਵਿਸ਼ੇਸ਼ਤਾ ਬਾਰੇ ਦੱਸਦਿਆਂ ਕਿਹਾ ਇਸ ਮੌਕੇ ਕਸ਼ਮੀਰ ਸਿੰਘ ਘੁੰਮਣ ਹੋਰਾਂ ਦੀ ਕਾਵਿ ਪੁਸਤਕ “ਘੁੰਮਣ ਘੇਰੀਆਂ” ਰਿਲੀਜ਼ ਕੀਤੀ ਜਾਵੇਗੀ । ਇਸ ਤੋਂ ਇਲਾਵਾ ਉਹਨਾਂ ਪੰਜਾਬੀ ਮਾਂ ਬੋਲੀ ਪੰਜਾਬੀ ਵਿਰਸੇ ਤੋਂ ਬੱਚਿਆਂ ਨੂੰ ਜਾਣੂੰ ਕਰਾਉਣ ਉੱਤੇ ਜ਼ੋਰ ਦਿੱਤਾ । ਉਹਨਾਂ ਦੇ ਬਰਖ਼ੁਰਦਾਰ ਜਸਜੀਤ ਸਿੰਘ ਜੋ ਬੀਕਾਸ ਸੰਸਥਾ ਦੀ ਮਦਦ ਨਾਲ ਲੀਡਜ਼ ਯੂਨੀਵਰਸਟੀ ਵਿੱਚੋਂ ਪੀ. ਐਚ. ਡੀ. ਕਰ ਰਿਹਾ ਹੈ, ਜਿਸਦਾ ਵਿਸ਼ਾ ਇੰਗਲੈਂਡ ਦੇ ਜੰਮਪਲ਼ ਨੌਜੁਆਨ ਸਿੱਖ ਬੱਚੇ ਆਪਣੇ ਧਰਮ ਅਤੇ ਵਿਰਸੇ ਬਾਰੇ ਕਿਥੋਂ ਅਤੇ ਕਿਵੇਂ ਜਾਣਕਾਰੀ ਪ੍ਰਾਪਤ ਕਰਦੇ ਹਨ, ਦੀ ਖੋਜ ਕਰਨਾ ਹੈ । ਸ੍ਰ: ਮੋਤਾ ਸਿੰਘ ਜੀ ਸਰਾਏ ਪੰਜਾਬੀ ਸੱਥ ਵਲੋਂ ਛਪਾਈਆਂ ਗਈਆਂ ਬਹੁਤ ਸਾਰੀਆਂ ਕਿਤਾਬਾਂ ਅਤੇ ਕੈਲੰਡਰ ਨਾਲ਼ ਲੈ ਕੇ ਆਏ ਸਨ ਜੋ ਵੀ ਕਿਤਾਬਾਂ ਤੋਂ ਉਸ ਦਿਨ ਆਮਦਨ ਹੋਈ ਉਹਨਾਂ ਨੇ ਉਹ ਮਾਇਆ ਬੀਕਾਸ ਸੰਸਥਾ ਨੂੰ ਭੇਟ ਕਰ ਦਿੱਤੀ । ਇਸੇ ਤਰ੍ਹਾਂ ਜੋ ਵੀ ਸ੍ਰ: ਕਸ਼ਮੀਰ ਸਿੰਘ ਘੁੰਮਣ ਹੋਰਾਂ ਦੀ ਕਿਤਾਬ “ਘੁੰਮਣ ਘੇਰੀਆਂ” ਦੀ ਆਮਦਨ ਹੋਈ ਉਹ ਵੀ ਬੀਕਾਸ ਸੰਸਥਾ ਨੂੰ ਯੂਨੀਵਰਸਟੀ ਦੇ ਖ਼ਰਚਿਆਂ ਲਈ ਭੇਟ ਕੀਤੀ ਗਈ । ਪ੍ਰਧਾਨ ਸਾਹਿਬ ਨੇ ਲੀਡਜ਼ ਯੂਨੀਵਰਸਟੀ ਵਿੱਚ ਪੰਜਾਬੀ ਲਿਟਰੇਚਰ ਦੀ ਚੇਅਰ ਸਥਾਪਤ ਕਰਨ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ ।

-----

ਇਸ ਤੋਂ ਉਪਰੰਤ ਬੱਚਿਆਂ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਸਟੇਜ ਦੀ ਕਾਰਵਾਈ ਨੌਜੁਆਨ ਬਰਖ਼ੁਰਦਾਰ ਕਾਕਾ ਭੁਪਿੰਦਰ ਸਿੰਘ ਸੇਖੋਂ ਨੂੰ ਸੌਂਪੀ ਗਈ, ਜਿਸ ਨੇ ਸਟੇਜ ਦੀ ਕਾਰਵਾਈ ਬਹੁਤ ਹੀ ਅੱਛੇ ਢੰਗ ਨਾਲ਼ ਨਿਭਾਈ। ਇਸ ਕਵੀ ਦਰਬਾਰ ਵਿੱਚ ਜਿਹਨਾਂ ਬੱਚਿਆਂ ਨੇ ਭਾਗ ਲਿਆ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ, ਅਰਜਨ ਸਿੰਘ ਭੁੱਲਰ, ਸਤਕਿਰਨ ਕੌਰ, ਸੁਖਬਿੰਦਰ ਕੌਰ, ਅੰਗਦ ਸਿੰਘ, ਜਸਮੀਨ ਕੌਰ ਮਾਣਕ ਅਤੇ ਜਸਮੀਨ ਕੌਰ ਛੋਕਰ । ਦੂਰੋਂ ਨੇੜਿਓਂ ਆਏ ਹੋਏ ਸਰੋਤਿਆਂ ਨੇ ਬੱਚਿਆਂ ਵਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਬਹੁਤ ਹੀ ਸ਼ਲਾਘਾ ਕੀਤੀ । ਬੱਚਿਆਂ ਨੂੰ ਬੀਬੀ ਕੁਲਵੰਤ ਕੌਰ ਚੰਨ ਦੁਆਰਾ ਇਨਾਮ ਦਿੱਤੇ ਗਏ ਉਪਰੰਤ ਕੁਲਵੰਤ ਕੌਰ ਨੇ ਇਸ ਕਵੀ ਦਰਬਾਰ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਬੱਚਿਆਂ ਨੇ ਜੋ ਕਵਿਤਾਵਾਂ ਪੜ੍ਹ ਕੇ ਸੁਣਾਈਆਂ ਬਹੁਤ ਹੀ ਕਾਬਿਲੇ ਤਾਰੀਫ਼ ਸਨ । ਉਹਨਾਂ ਕਿਹਾ ਕਿ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਬੱਚੇ ਕਵਿਤਾਵਾਂ ਪੰਜਾਬੀ ਲਿੱਪੀ ਵਿੱਚ ਲਿਖੀਆਂ ਹੋਈਆਂ ਪੜ੍ਹ ਰਹੇ ਸਨ । ਉਹਨੀਂ ਬੀਕਾਸ ਸੰਸਥਾ ਦੀ ਸ਼ਲਾਘਾ ਕੀਤੀ ਕਿ ਇਹਨਾ ਨੇ ਬੱਚਿਆਂ ਦਾ ਕਵੀ ਦਰਬਾਰ ਉਲੀਕਿਆ, ਬੱਚਿਆਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਦੀ ਵੀ ਪ੍ਰਸ਼ੰਸਾ ਕੀਤੀ । ਇਸ ਮੌਕੇ ਹਾਲ ਸਰੋਤਿਆਂ ਨਾਲ਼ ਬਿਲਕੁਲ ਭਰਿਆ ਹੋਇਆ ਸੀ ਅਤੇ ਸਾਰੇ ਹੀ ਚੁੱਪ ਚਾਪ ਕਵੀਆਂ ਦੀਆਂ ਰਚਨਾਵਾਂ ਬੜੇ ਗੌਹ ਨਾਲ਼ ਸੁਣ ਰਹੇ ਸਨ ।

-----

ਇਸ ਤੋਂ ਬਾਅਦ ਸਟੇਜ ਦੀ ਕਾਰਵਾਈ ਸ੍ਰ: ਬਲਬੀਰ ਸਿੰਘ ਅਟਵਾਲ ਹੋਰਾਂ ਨੂੰ ਸੌਂਪੀ ਗਈ ਜਿਹਨਾਂ ਨੇ ਪ੍ਰੋਗਰਾਮ ਦੀ ਅਰੰਭਤਾ ਸਾਊਥਾਲ ਤੋਂ ਆਏ ਉੱਚ ਕੋਟੀ ਦੇ ਸ਼ਾਇਰ ਅਜ਼ੀਮ ਸ਼ੇਖਰ ਹੋਰਾਂ ਦੀਆਂ ਦੋ ਪਿਆਰੀਆਂ ਨਜ਼ਮਾਂ ਨਾਲ਼ ਕੀਤੀ । ਇਕ ਕਵਿੱਤਾ ਜੋ ਅਜ਼ੀਮ ਹੋਰਾਂ ਨੇ ਧੀਆਂ ਬਾਰੇ ਪੜ੍ਹੀ ਉਸ ਸਮੇਂ ਸਰੋਤਿਆਂ ਦੀਆਂ ਅੱਖਾਂ ਸੇਜਲ਼ ਹੋ ਗਈਆਂ। ਇਸ ਤੋਂ ਬਾਅਦ ਸਾਊਥਾਲ ਤੋਂ ਹੀ ਆਏ ਰਜਿੰਦਰਜੀਤ ਜੀ ਨੇ ਬੇਹਤਰੀਨ ਅੰਦਾਜ਼ ਵਿੱਚ ਆਪਣੀਆਂ ਦੋ ਰਚਨਾਵਾਂ ਪੇਸ਼ ਕੀਤੀਆਂ । ਸੰਦਰਲੈਂਡ ਤੋਂ ਆਏ ਮਨਜੀਤ ਸਿੰਘ ਚੀਮਾ ਜੀ ਨੇ ਕਸ਼ਮੀਰ ਸਿੰਘ ਘੁੰਮਣ ਹੋਰਾਂ ਦੀ ਰਿਲੀਜ਼ ਹੋਣ ਵਾਲ਼ੀ ਕਿਤਾਬ ਵਾਰੇ ਲਿਖੀ ਕਵਿਤਾ ਸਰੋਤਿਆਂ ਨਾਲ਼ ਸਾਂਝੀ ਕੀਤੀ ਅਤੇ ਵਿਅੰਗਮਈ ਅੰਦਾਜ਼ ਵਿੱਚ ਇਕ ਹੋਰ ਕਵਿਤਾ ਪੜ੍ਹੀ । ਜਿਵੇਂ ਕਿ ਹਰ ਸਾਲ ਬੀਕਾਸ ਵਲੋਂ ਨਵੇਂ ਚਾਰ ਕਵੀਆਂ ਨੂੰ ਸਨਮਾਨਿਤ ਕਰਨ ਲਈ ਚੁਣਿਆ ਜਾਂਦਾ ਹੈ, ਇਸ ਸਾਲ ਅਜ਼ੀਮ ਸ਼ੇਖਰ, ਰਜਿੰਦਰ ਜੀਤ, ਮਨਜੀਤ ਸਿੰਘ ਚੀਮਾ ਅਤੇ ਨਰਿੰਦਰ ਕੌਰ ਸੁੰਮਨ ਹੋਰਾਂ ਨੂੰ ਚੁਣਿਆ ਗਿਆ ਸੀ । ਫਰਾਂਸ ਤੋਂ ਬੀਕਾਸ ਵਲੋਂ ਸਪੈਸ਼ਲ ਸੱਦੇ ਉੱਪਰ ਆਈ ਹੋਈ ਬੀਬੀ ਕੁਲਵੰਤ ਕੌਰ ਚੰਨ ਨੇ ਆਪਣੀ ਸੁਰੀਲੀ ਆਵਾਜ਼ ਨਾਲ਼ ਸਰੋਤਿਆਂ ਨੂੰ ਕੀਲੀ ਰੱਖਿਆ ।ਇਸੇ ਤਰ੍ਹਾਂ ਇਕ ਤੋਂ ਇਕ ਚੜ੍ਹਦੇ ਕਵੀਆਂ ਨੇ ਸ਼ਿਰਕਤ ਕੀਤੀ ਅਤੇ ਕਵੀ ਦਰਬਾਰ ਵਿੱਚ ਭਾਗ ਲਿਆ ਜਿਹਨਾਂ ਵਿੱਚ ਸ੍ਰ: ਹਰਜਿੰਦਰ ਸਿੰਘ ਸੰਧੂ, ਸ੍ਰ: ਨਿਰਮਲ ਸਿੰਘ ਕੰਧਾਲ਼ਵੀ, ਸ੍ਰ: ਤੇਜਾ ਸਿੰਘ ਤੇਜ ਕੋਟਲੇਵਾਲ਼ਾ, ਸ੍ਰ: ਮਹਿੰਦਰ ਸਿੰਘ ਦਿਲਬਰ, ਪ੍ਰੋਫੈਸਰ ਹਰਜੀਤ ਸਿੰਘ ਅਸ਼ਕ, ਸ੍ਰ: ਤਾਰਾ ਸਿੰਘ ਤਾਰਾ ਆਧੀਵਾਲ਼ਾ, ਬੀਬੀ ਰਜਿੰਦਰ ਕੌਰ ਪ੍ਰਜ਼ੈਂਟਰ ਪੰਜਾਬ ਰੇਡੀਓ, ਬੀਬੀ ਕੁਲਵੰਤ ਕੌਰ ਢਿਲੋਂ ਲੰਡਨ ਤੋਂ ਅਤੇ ਬੀਬੀ ਮਹਿੰਦਰ ਕੌਰ ਮਿੱਡਾ ਕੌਂਸਲਰ ਸਾਊਥਾਲ ਨੇ ਕਵਿਤਾਵਾਂ ਦੁਆਰਾ ਹਾਜਰੀ ਭਰੀ । ਬੀਬੀ ਦਲਵੀਰ ਕੌਰ ਵੁਲਵਰਹੈਮਪਟਨ ਵੀ ਸਰੋਤਿਆਂ ਵਿੱਚ ਹਾਜ਼ਰ ਸਨ। ਸ੍ਰ: ਕਸ਼ਮੀਰ ਸਿੰਘ ਹੋਰਾਂ ਦੀ ਕਿਤਾਬ ਦਾ ਉਦਘਾਟਨ ਕਰਨ ਤੋਂ ਪਹਿਲਾਂ ਸ੍ਰ: ਮੋਤਾ ਸਿੰਘ ਸਰਾਏ ਹੋਰਾਂ ਨੇ ਆਪਣੇ ਵਿਚਾਰ ਸਰੋਤਿਆਂ ਨਾਲ਼ ਸਾਂਝੇ ਕੀਤੇ ਅਤੇ ਉਹਨੀਂ ਕਾਵਿ ਰਚਨਾ ਦੀ ਪ੍ਰਮੁੱਖਤਾ ਵਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਹੋਰਾਂ ਦੀ ਇਲਾਹੀ ਬਾਣੀ ਦੀ ਪ੍ਰੋੜਤਾ ਕੀਤੀ ਕਿ ਗੁਰੂ ਸਾਹਿਬਾਨ ਨੇ ਬਾਣੀ ਦੁਆਰਾ ਲੋਕਾਂ ਦੀ ਮਾਨਸਿਕ ਪੀੜਾ ਨੂੰ ਨਵਿਰਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸਦੇ ਵਿਪਰੀਤ ਰੂਪ ਵਿੱਚ ਉਹਨਾਂ ਵਾਸਕੋਡੀਗਾਮਾ ਅਤੇ ਯੁਨਾਨ ਦੇ ਰਾਜੇ ਸਿਕੰਦਰ ਅਤੇ ਪੋਰਸ ਦੀ ਮਿਸਾਲ ਦਿੱਤੀ ।ਇਸਤੋਂ ਉਪਰੰਤ ਉਹਨੀਂ “ਘੁੰਮਣ ਘੇਰੀਆਂ” ਕਿਤਾਬ ਦੀਆਂ ਰਚਨਾਵਾਂ ਵਾਰੇ ਸ਼ਲਾਘਾ ਕੀਤੀ । ਫਿਰ ਉਹ ਸਮਾਂ ਆਇਆ ਜਦੋਂ ਕਿ ਸ੍ਰ: ਕਸ਼ਮੀਰ ਸਿੰਘ ਘੁੰਮਣ ਹੋਰਾਂ ਦੀ ਕਿਤਾਬ “ਘੁੰਮਣ ਘੇਰੀਆਂ” ਦਾ ਉਦਘਾਟਨ ਕੀਤਾ ਗਿਆ ।ਇਸ ਉਚੇਚੇ ਮੌਕੇ ਤੇ ਸ੍ਰ: ਕਸ਼ਮੀਰ ਸਿੰਘ ਘੁੰਮਣ ਨੇ ਆਪਣੀ ਹਾਸ–ਰਸ ਭਰਪੂਰ ਕਵਿਤਾ “ਘੁਰਾੜੇ” ਸੋਰਤਿਆਂ ਨਾਲ਼ ਸਾਂਝੀ ਕਰਕੇ ਹਾਲ ਵਿਚ ਹਾਸਿਆਂ ਦਾ ਹੜ੍ਹ ਲਿਆ ਦਿੱਤਾ ।

-----

ਇਸ ਤੋਂ ਉਪਰੰਤ ਬੀਕਾਸ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਚੁਣੇ ਗਏ ਕਵੀਆਂ ਦਾ ਅਤੇ ਆਏ ਹੋਏ ਖ਼ਾਸ ਮਹਿਮਾਨ ਸ੍ਰ: ਮੋਤਾ ਸਿੰਘ ਸਰਾਏ, ਬੀਬੀ ਕੁਲਵੰਤ ਕੌਰ ਚੰਨ, ਸ੍ਰ: ਸੁਰਜੀਤ ਸਿੰਘ ਘੁੰਮਣ ਹੋਰਾਂ ਨੂੰ ਬੀਕਾਸ ਕਮੇਟੀ ਦੇ ਮੈਂਬਰਾਂ ਵਲੋਂ ਟਰਾਫੀਆਂ ਅਤੇ ਦੁਸ਼ਾਲਿਆਂ ਨਾਲ਼ ਸਨਮਾਨਿਤ ਕੀਤਾ ਗਿਆ । ਸ੍ਰ: ਕਸ਼ਮੀਰ ਸਿੰਘ ਘੁੰਮਣ ਅਤੇ ਬੀਬੀ ਪਰਮਜੀਤ ਕੌਰ ਘੁੰਮਣ ਨੂੰ ਵੀ ਕਾਵਿ ਪੁਸਤਕ ਦੇ ਉਦਘਾਟਨ ਸਮੇਂ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਮੀਤ ਪ੍ਰਧਾਨ ਸ੍ਰ: ਸੁਖਦੇਵ ਸਿੰਘ ਹੋਰਾਂ ਨੇ ਆਏ ਹੋਏ ਮਹਿਮਾਨਾਂ ਦਾ, ਕਵੀਆਂ ਦਾ, ਅਤੇ ਖਾਸ ਤੌਰ ਤੇ ਸ੍ਰ: ਹਰਦਿਆਲ ਸਿੰਘ ਮੇਹਟ, ਸ੍ਰ: ਰਛਪਾਲ ਸਿੰਘ ਉੱਪਲ਼, ਸ਼੍ਰੀਮਤੀ ਅੰਜੂ ਸ਼ਰਮਾ ਜਰਮਨੀ, ਸ੍ਰ: ਜੋਗਾ ਸਿੰਘ ਨਿਰਵਾਣ, ਜਿਹਨਾਂ ਨੇ ਬੀਕਾਸ ਨੂੰ ਮਾਇਕ ਤੌਰ ਤੇ ਸਹਿਯੋਗ ਦਿੱਤਾ ਉਹਨਾਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ ।ਇਸ ਤੋਂ ਇਲਾਵਾ ਪੰਜਾਬ ਰੇਡੀਓ ਲੰਡਨ, ਸੌਨਿਕ ਸਾਉਂਡ ਸਿਸਟਮ, ਆਪਣਾ ਖਾਣਾ ਦੇ ਮਾਲਕ ਸੁਭਾਸ ਕੌਸ਼ਲ ਜੀ, ਵਿਸ਼ ਵੀਡੀਓ, ਵੈਨਟਨਰ ਹਾਲ ਦੀ ਕਮੇਟੀ ਅਤੇ ਬਰੈਡਫੋਰਡ ਦੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ । ਇਸਦੇ ਨਾਲ਼ ਹੀ ਦੇਸ ਪ੍ਰਦੇਸ, ਪੰਜਾਬ ਟਾਈਮਜ਼, ਅਜੀਤ ਜਲੰਧਰ, ਮੀਡੀਆ ਪੰਜਾਬ ਜਰਮਨੀ, ਪੰਜਾਬੀ ਆਰਸੀ ਅਤੇ ਸਿੱਖ ਟਾਈਮਜ਼ ਦਾ ਵੀ ਧੰਨਵਾਦ ਕੀਤਾ ਜੋ ਸਮੇਂ ਸਮੇਂ ਬੀਕਾਸ ਸੰਸਥਾ ਨੂੰ ਸਹਿਯੋਗ ਦਿੰਦੇ ਹਨ । ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ “ਆਪਣਾ ਖਾਣਾ” ਕੇਟਰਿੰਗ ਵਾਲ਼ਿਆਂ ਦੇ ਸੁਆਦੀ ਭੋਜਨ ਦਾ ਸਾਰਿਆਂ ਨੇ ਅਨੰਦ ਮਾਣਿਆ । ਬੀਕਾਸ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਸਹਿਯੋਗੀ ਸੱਜਣਾਂ ਦਾ ਦਾਸ ਤਹਿ ਦਿਲੋਂ ਧੰਨਵਾਦੀ ਹੈ।

*****

ਬਰੈਡਫੋਰਡ ਯੂ.ਕੇ. ਵਿਖੇ ਕਰਵਾਏ ਗਏ ਕਵੀ ਦਰਬਾਰ ਦੀਆਂ ਬਾਕੀ ਤਸਵੀਰਾਂ ਵੇਖਣ ਲਈ ਹੇਠਲੀ ਪੋਸਟ ਦੇਖੋ ਜੀ।



ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ